ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ 17 ਨੂੰ
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਬ-ਕਮੇਟੀ
Publish Date: Sat, 14 Mar 2026 06:18 PM (IST)
Updated Date: Sun, 15 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੀਸੀਏ ਵੱਲੋਂ ਕਰਵਾਏ ਜਾਣ ਵਾਲੇ ਭਵਿੱਖੀ ਸੀਜ਼ਨ 2026-2027 ਦੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-23 ਮਲਟੀ-ਡੇਅ ਅਤੇ ਇੱਕ ਦਿਨਾ (ਲਿਮਟਿਡ ਓਵਰ) ਟੂਰਨਾਮੈਂਟਾਂ ਲਈ ਮਾਨਸਾ ਜ਼ਿਲ੍ਹੇ ਦੀ ਟੀਮ ਦੀ ਚੋਣ ਕੀਤੀ ਜਾਣੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਬ-ਕਮੇਟੀ ਜ਼ਿਲ੍ਹਾ ਮਾਨਸਾ ਦੇ ਮੈਂਬਰ ਕਮਲ ਅਰੋੜਾ ਨੇ ਦੱਸਿਆ ਕਿ ਇਸ ਸਬੰਧੀ ਖਿਡਾਰੀਆਂ ਦੀ ਚੋਣ ਲਈ ਟਰਾਇਲ 17 ਮਾਰਚ, 2026 ਨੂੰ ਸਵੇਰੇ 10:30 ਵਜੇ ਕਾਪਸ ਕਲੱਬ ਗਰਾਊਂਡ, ਪੁਲਿਸ ਲਾਈਨਜ਼, ਪੁਲਿਸ ਪਬਲਿਕ ਸਕੂਲ, ਬਠਿੰਡਾ (ਸਿਵਲ ਹਸਪਤਾਲ ਦੇ ਸਾਹਮਣੇ) ਵਿਖੇ ਲਏ ਜਾਣਗੇ। ਅਰੋੜਾ ਨੇ ਦੱਸਿਆ ਕਿ ਉਹ ਸਾਰੇ ਖਿਡਾਰੀ, ਜੋ ਮਾਨਸਾ ਜ਼ਿਲ੍ਹੇ ਦੇ ਪੱਕੇ ਵਸਨੀਕ ਹਨ ਜਾਂ ਟੂਰਨਾਮੈਂਟ ਤੋਂ ਪਿਛਲੇ ਇੱਕ ਸਾਲ ਤੋਂ ਜ਼ਿਲ੍ਹੇ ਦੇ ਕਿਸੇ ਸਕੂਲ/ਕਾਲਜ ਵਿੱਚ ਪੜ੍ਹ ਰਹੇ ਹਨ, ਉਹ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਦਾ ਜਨਮ 01 ਸਤੰਬਰ 2003 ਨੂੰ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਓਪਨ ਸਕੂਲ ਦੇ ਉਮੀਦਵਾਰ ਇਨ੍ਹਾਂ ਟਰਾਇਲਾਂ ਲਈ ਯੋਗ ਨਹੀਂ ਹੋਣਗੇ। ਟਰਾਇਲ ਦੇਣ ਵਾਲੇ ਖਿਡਾਰੀਆਂ ਨੂੰ ਆਪਣੇ ਨਾਲ ਅਸਲ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਦਾ ਇਕ ਸੈੱਟ ਲਿਆਉਣਾ ਲਾਜ਼ਮੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਪਾਸਪੋਰਟ ਜਾਂ ਵੋਟਰ ਕਾਰਡ, ਡਿਜੀਟਲ ਜਨਮ ਸਰਟੀਫਿਕੇਟ, ਸਾਲ 2025-26 ਦੀ ਮਾਰਕਸ਼ੀਟ ( ਓਪਨ ਸਕੂਲ ਉਮੀਦਵਾਰ ਯੋਗ ਨਹੀਂ ਹਨ, ਮੌਜੂਦਾ ਸੀਜ਼ਨ 2026-27 ਲਈ ਸਕੂਲ ਦਾ ਬੋਨਾਫਾਈਡ ਸਰਟੀਫਿਕੇਟ, ਇੱਕ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਸ਼ਾਮਿਲ ਹਨ। ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਦਾ ਇਕ ਸੈੱਟ ਵੀ ਮੰਗਿਆ ਹੈ। ਸਬ-ਕਮੇਟੀ ਮੈਂਬਰ ਨੇ ਸਮੂਹ ਚਾਹਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਰਜਿਸਟ੍ਰੇਸ਼ਨ ਅਤੇ ਦਸਤਾਵੇਜ਼ਾਂ ਦੀ ਪੜਤਾਲ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਮੈਦਾਨ ਵਿਚ ਪਹੁੰਚਣਾ ਯਕੀਨੀ ਬਣਾਉਣ।