ਸਰ੍ਹੋਂ ਦੀ ਫ਼ਸਲ ਦੀ ਕਾਸ਼ਤ ਬਾਰੇ ਸਿਖਲਾਈ ਪ੍ਰੋਗਰਾਮ ਸ਼ੁਰੂ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
Publish Date: Mon, 02 Feb 2026 08:32 PM (IST)
Updated Date: Tue, 03 Feb 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਰ੍ਹੋਂ ਦੀ ਕਾਸ਼ਤ ਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਮਾਨਸਾ ਵਿਖੇ ਛੇ ਰੋਜ਼ਾ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ ਵਿੱਚ ਸਰ੍ਹੋਂ ਦੀ ਵੱਡੀ ਭੁਮਿਕਾ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਆਮਦਨ ਦਾ ਵਧੀਆ ਸਰੋਤ ਹੈ। ਉਨ੍ਹਾਂ ਸਰ੍ਹੋਂ ਦੀ ਕਾਸ਼ਤ ਸਬੰਧੀ ਉਪਲੱਬਧ ਵੱਖ ਵੱਖ ਕਿਸਮਾਂ ਬਾਰੇ ਦੱਸਿਆ। ਭਾਰਤ ਹੋਰਨਾਂ ਦੇਸ਼ਾਂ ਤੋਂ ਸਰ੍ਹੋਂ ਦੇ ਤੇਲ ਦੀ ਖਰੀਦ ਕਰਦਾ ਹੈ, ਜੇਕਰ ਇੱਥੋਂ ਦਾ ਕਿਸਾਨ ਇਸ ਫ਼ਸਲ ਨੂੰ ਅਪਣਾ ਲਏ ਤਾਂ ਉਹ ਤੇਲ ਦੇ ਨਾਲ-ਨਾਲ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦਾ ਹੈ। ਸਿਖਲਾਈ ਦੌਰਾਨ ਐੱਫ.ਪੀ.ਓ. ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਸਰ੍ਹੋਂ ਦਾ ਬੀਜ਼ ਮੁਫ਼ਤ ਦਿੱਤਾ ਗਿਆ ਹੈ। ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ. ਅਜੀਤਪਾਲ ਨੇ ਵੀ ਸੰਬੋਧਨ ਕੀਤਾ। ਸਕੀਮ ਇੰਚਾਰਜ ਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਐੱਫ.ਪੀ.ਓ. ਮਾਨਸਾ ਵਿੱਚ 100 ਕਿਸਾਨਾਂ ਦਾ ਸਮੂਹ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਸਰ੍ਹੋਂ ਦੀ ਕਾਸ਼ਤ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਇਸ ਗਰੁੱਪ ਨੂੰ ਸਬਸਿਡੀ ਦੇ ਤੌਰ ਤੇ ਸਾਢੇ 9 ਲੱਖ ਮਾਲੀ ਸਹਾਇਤਾ ਦਿੱਤੀ ਗਈ ਹੈ। ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਚਮਨਦੀਪ ਸਿੰਘ ਵੱਲੋਂ ਐੱਫ਼ਪੀਓ. ਦੇ ਫ਼ਾਇਦਿਆਂ ਤੋਂ ਇਲਾਵਾ ਇਸਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ, ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਤੋਂ ਇਲਾਵਾ ਸੁਖਵਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ ਨੇ ਵੀ ਸੰਬੋਧਨ ਕੀਤਾ।