14 ਤੋਂ 15 ਸਾਲ ਉਮਰ ਵਰਗ ਦੀਆਂ ਲੜਕੀਆਂ ਨੂੰ ਲਾਈ ਜਾਵੇਗੀ ਵੈਕਸਿਨ : ਸਿਵਲ ਸਰਜਨ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ
Publish Date: Thu, 08 Jan 2026 06:31 PM (IST)
Updated Date: Thu, 08 Jan 2026 06:33 PM (IST)
- ਐੱਚਪੀਵੀ ਵੈਕਸੀਨੇਸ਼ਨ ਸਬੰਧੀ ਕਰਵਾਈ ਟ੍ਰੇਨਿੰਗ
- ਕਿਹਾ, ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨੇਸ਼ਨ ਅਤਿ ਜ਼ਰੂਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਡਾ. ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਮੂਹ ਟੀਕਾਕਰਨ ਨੋਡਲ ਅਫ਼ਸਰਾਂ, ਬਲਾਕ ਐਕਸਟੈਂਸ਼ਨ ਐਜੂਕੇਟਰਾਂ, ਐੱਲਐੱਚਵੀਜ਼ ਅਤੇ ਕੋਲਡ ਚੇਨ ਹੈਂਡਲਰਾਂ ਦੀ ਐੱਚਪੀਵੀ ਵੈਕਸੀਨੇਸ਼ਨ ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਭਾਰਤ ਦੇਸ਼ ਵਿੱਚ ਦੂਜਾ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਹੈ, ਜਿਸ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ ਹੈ। ਇਸ ਦੀ ਲਾਗ ਤੋਂ ਬਚਾਅ ਲਈ ਜਲਦੀ ਹੀ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ 14 ਸਾਲ ਉਮਰ ਵਰਗ ਦੀਆਂ ਲੜਕੀਆਂ ਨੂੰ ਐੱਚਪੀਵੀ ਵੈਕਸੀਨੇਸ਼ਨ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਇਹ ਟੀਕਾਕਰਨ ਅਤਿ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਜੀਤ ਕੌਰ ਵੱਲੋਂ ਟ੍ਰੇਨਿੰਗ ਦੌਰਾਨ ਕਿਹਾ ਕਿ ਸਾਲ 2022 ਦੌਰਾਨ ਲਗਪਗ 79103 ਸਰਵਾਈਕਲ ਕੈਂਸਰ ਦੇ ਨਵੇਂ ਕੇਸ ਰਿਪੋਰਟ ਹੋਏ ਅਤੇ 34,805 ਦੇ ਤਕਰੀਬਨ ਮੌਤਾਂ ਸਰਵਾਈਕਲ ਕੈਂਸਰ ਕਾਰਨ ਹੋਈਆਂ।
ਉਨ੍ਹਾਂ ਦੱਸਿਆ ਕਿ ਐੱਚਪੀਵੀ ਸਟ੍ਰੇਨ ਦਾ ਐੱਚਪੀਵੀ 16 ਅਤੇ 18 ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਸਭ ਤੋਂ ਜ਼ਿਆਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਤ ਹੈ, ਜੋ ਕਿ 159 ਦੇਸ਼ਾਂ ਵੱਲੋਂ ਪਹਿਲਾਂ ਹੀ ਆਪਣੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ ਜਾ ਚੁੱਕੀ ਹੈ। 50 ਕਰੋੜ ਡੋਜਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਵੈਕਸੀਨ ਦੀ ਸਿੰਗਲ ਡੋਜ ਖੱਬੇ ਮੋਢੇ ਤੇ ਲੱਗੇਗੀ, ਜੋ ਕਿ ਪੂਰੀ ਤਰ੍ਹਾਂ ਮੁਫਤ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ/ਪਰਿਵਾਰਕ ਮੈਂਬਰ ਯੂਵਿਨ ਪੋਰਟਲ ’ਤੇ ਜਾ ਕੇ ਵੈਕਸੀਨ ਰਜਿਸਟਰ ਕਰ ਸਕਦੇ ਹਨ। ਜੇਕਰ ਪ੍ਰੀ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ਤਾਂ ਵੈਕਸੀਨ ਲਗਾਉਣ ਤੋਂ ਪਹਿਲਾਂ ਮੌਕੇ ’ਤੇ ਹੈਲਥ ਵਰਕਰ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ, ਜਿਸ ਲਈ ਇੱਕ ਆਈਡੀ ਪਰੂਫ ਜਿਵੇਂ ਕਿ ਆਧਾਰ ਕਾਰਡ ਅਤੇ ਉਸ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਨੰਬਰ ਲਿਆਉਣਾ ਜ਼ਰੂਰੀ ਹੋਵੇਗਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕੰਵਲਪ੍ਰੀਤ ਕੌਰ ਬਰਾੜ, ਡਾ. ਪਰਵਿਸ਼ ਬੱਚਿਆਂ ਦੇ ਮਾਹਿਰ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਤਿਰਲੋਕ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ, ਰਕੇਸ਼ ਕੁਮਾਰ, ਰਵਿੰਦਰ ਕੁਮਾਰ ਅਤੇ ਮੀਨਾਕਸ਼ੀ ਆਦਿ ਹਾਜ਼ਰ ਸਨ।