ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਕਰਨਾ ਜ਼ਰੂਰੀ : ਭੁਵਨੇਸ਼ਵਰੀ ਦੇਵੀ
ਅਧਿਆਤਮ ਨਾਲ ਜੁੜ ਕੇ ਜ਼ਿੰਦਗੀ ਨੂੰ ਇੱਕ ਸੁੰਦਰ
Publish Date: Fri, 13 Mar 2026 06:16 PM (IST)
Updated Date: Sat, 14 Mar 2026 04:10 AM (IST)

-ਪਵਿੱਤਰ ਵਾਣੀ ਰਾਹੀਂ ਸਤਿਸੰਗ ਸੁਣ ਕੇ ਸ਼ਰਧਾਲੂ ਹੋਏ ਮੰਤਰਮੁਗਧ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਅਧਿਆਤਮ ਨਾਲ ਜੁੜ ਕੇ ਜ਼ਿੰਦਗੀ ਨੂੰ ਇੱਕ ਸੁੰਦਰ ਸਫ਼ਰ ਬਣਾਇਆ ਜਾ ਸਕਦਾ ਹੈ। ਅਧਿਆਤਮ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਅਤੇ ਜੀਵਨ ਨੂੰ ਇੱਕ ਮਕਸਦ ਵਾਲਾ ਸਫ਼ਰ ਬਣਾ ਦਿੰਦਾ ਹੈ। ਇਹ ਵਿਚਾਰ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ ਮਾਨਸਾ ਦੀ ਪੁਰਾਣੀ ਦਾਣਾ ਮੰਡੀ ਵਿਖੇ 11 ਤੋਂ 15 ਮਾਰਚ ਤੱਕ ਚੱਲ ਰਹੇ ਪਾਂਚ ਸ਼ਾਮ ਕਨੱਈਆ ਕੇ ਨਾਮ ਸਤਿਸੰਗ ਦੇ ਦੂਜੇ ਦਿਨ ਦੇ ਪ੍ਰਵਚਨਾਂ ਦੌਰਾਨ ਕੀਤਾ। ਜਦੋਂ ਮਨੁੱਖ ਪ੍ਰਭੂ ਦੀ ਯਾਦ, ਨਾਮ ਸਿਮਰਨ ਅਤੇ ਚੰਗੇ ਕਰਮਾਂ ਨਾਲ ਜੁੜਦਾ ਹੈ ਤਾਂ ਉਸਦੀ ਸੋਚ ਵੀ ਪਵਿੱਤਰ ਹੋ ਜਾਂਦੀ ਹੈ। ਰੱਬ ਦਾ ਨਾਮ ਜਪਣਾ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਹਰ ਹਾਲਤ ਵਿੱਚ ਚੰਗਾ ਸੋਚਣਾ ਸਿਖਾਉਂਦਾ ਹੈ। ਮਨੁੱਖ ਜਦ ਅਧਿਆਤਮ ਨਾਲ ਜੁੜਦਾ ਹੈ ਤਾਂ ਉਸਨੂੰ ਜੀਵਨ ਦੀਆਂ ਮੁਸ਼ਕਲਾਂ ਵੀ ਇੱਕ ਸਿੱਖਿਆ ਵਾਂਗ ਲੱਗਦੀਆਂ ਹਨ। ਜ਼ਿੰਦਗੀ ਸੱਚਮੁੱਚ ਇੱਕ ਸੋਹਣਾ ਸਫ਼ਰ ਬਣ ਜਾਂਦੀ ਹੈ। ਸੁਆਮੀ ਜੀ ਨੇ ਦੱਸਿਆ ਕਿ ਅਧਿਆਤਮ ਸਾਨੂੰ ਸਿਖਾਉਂਦਾ ਹੈ ਕਿ ਮਨ ਨੂੰ ਸ਼ਾਂਤ ਕਿਵੇਂ ਰੱਖਣਾ ਹੈ। ਹਰ ਹਾਲਤ ਵਿੱਚ ਰੱਬ ਦਾ ਸ਼ੁਕਰ ਕਿਵੇਂ ਕਰਨਾ ਹੈ ਤੇ ਮਨੁੱਖਤਾ ਦੀ ਸੇਵਾ ਕਿਵੇਂ ਕਰਨੀ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਹਰ ਵਿਅਕਤੀ ਦੇ ਅੰਦਰ ਹੀ ਵਾਸ ਕਰਦੇ ਹਨ। ਪ੍ਰਭੂ ਚਰਨਾਂ ਵਿੱਚ ਸਮਰਪਿਤ ਹੋਣ ਵਾਲੇ ਵਿਅਕਤੀ ਨੂੰ ਸੁੱਖ ਅਤੇ ਦੁੱਖ ਦੋਵਾਂ ਵਿੱਚ ਆਨੰਦ ਦੀ ਅਨੁਭੂਤੀ ਹੁੰਦੀ ਹੈ। ਟਰੱਸਟ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਸਤਿਸੰਗ ਦੇ ਦੂਜੇ ਦਿਨ ਝੰਡਾ ਪੂਜਨ ਦੀ ਰਸਮ ਸ਼ਹਿਰ ਦੇ ਬਿਲਡਰ ਤੇ ਸਮਾਜਸੇਵੀ ਸ਼੍ਰੀ ਅੰਕੁਸ਼ ਗਰਗ ਭੰਮਾ ਨੇ ਕੀਤੀ ਤੇ ਜੋਤੀ ਪ੍ਰਚੰਡ ਦੀ ਰਸਮ ਸਮਾਜ ਸੇਵੀ ਰਾਕੇਸ਼ ਕੁਮਾਰ ਵੱਲੋਂ ਨਿਭਾਈ ਗਈ। ਇਸੇ ਤਰ੍ਹਾਂ ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕਰਨ ਦਾ ਸਨਮਾਨ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਵਿਨੋਦ ਭੰਮਾ ਨੂੰ ਮਿਲਿਆ। ਮੰਚ ਸੰਚਾਲਨ ਦਾ ਕਾਰਜ ਟਰੱਸਟ ਦੇ ਕੌਮੀ ਸਕੱਤਰ ਸ਼੍ਰੀ ਆਨੰਦ ਪ੍ਰਕਾਸ਼ ਗੁਪਤਾ ਵੱਲੋਂ ਆਪਣੀ ਦਮਦਾਰ ਆਵਾਜ਼ ਰਾਹੀਂ ਬਹੁਤ ਸ਼ਾਨਦਾਰ ਅਤੇ ਮਰਿਆਦਤ ਢੰਗ ਨਾਲ ਨਿਭਾਇਆ ਗਿਆ। ਇਸ ਮੌਕੇ ਮਸ਼ਹੂਰ ਭਜਨ ਲਿਖਾਰੀ ਵਰਿੰਦਰ ਸ਼ਾਂਤ ਜੀ ਨੇ ਵੀ ਵਿਸ਼ੇਸ਼ ਤੌਰ ਤੇ ਸਤਿਸੰਗ ਵਿੱਚ ਪਹੁੰਚ ਕੇ ਸੁਆਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।