ਦੁਕਾਨਾਂ ਤੋਂ ਚੋਰੀ ਕਰਨ ਵਾਲੇ 3 ਕਾਬੂ
ਸਥਾਨਕ ਸ਼ਹਿਰ ਵਿਖੇ ਬੀਤੀ 9-10 ਅਪ੍ਰੈਲ
Publish Date: Sat, 18 Apr 2026 05:47 PM (IST)
Updated Date: Sun, 19 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ’ਚ ਪਿਛਲੇ ਦਿਨੀਂ 9/10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ 7 ਦੁਕਾਨਾਂ ’ਤੇ ਚੋਰਾਂ ਨੇ ਜਿੰਦਰੇ ਤੋੜ ਕੇ ਚੋਰੀ ਕੀਤੀ ਸੀ। ਇਹ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਸੀ। ਲੋਕਾਂ ’ਚ ਇਸ ਨੂੰ ਲੈ ਕੇ ਕਾਫ਼ੀ ਰੋਸ ਸੀ ਤੇ ਉਨ੍ਹਾਂ ਨੇ ਕਈ ਵਾਰ ਵਿਚਾਰ-ਵਟਾਂਦਰਾ ਕੀਤਾ। ਸ਼ਹਿਰ ਦੇ ਵਪਾਰੀ ਵਰਗ ਵੱਲੋਂ ਚੋਰਾਂ ਦੀ ਗ੍ਰਿਫ਼ਤਾਰੀ ਸਬੰਧੀ ਪੁਲਿਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਇਸ ਨੂੰ ਦੇਖ ਕੇ ਪੁਲਿਸ ਹਰਕਤ ’ਚ ਆਈ ਤੇ ਤਿੰਨਾਂ ਚੋਰਾਂ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਚੋਰੀ ਕਰਨ ਵਾਲੇ ਤਿੰਨ ਚੋਰ ਕਾਬੂ ਕਰ ਲਏ ਗਏ ਹਨ। ਇਨ੍ਹਾਂ ਦਾ ਨਾਂ ਗੋਬਿੰਦ ਸਿੰਘ ਵਾਸੀ ਟੋਹਾਣਾ, ਸਾਵਨ ਸਿੰਘ ਵਾਸੀ ਟੋਹਾਣਾ ਤੇ ਸਾਹਿਲ ਵਾਸੀ ਮਾਨਸਾ ਹਨ। ਪੁਲਿਸ ਨੇ ਗੋਬਿੰਦ ਸਿੰਘ ਨੂੰ ਜੀਂਦ ਤੋਂ ਅਤੇ ਬਾਕੀ ਦੋਹਾਂ ਨੂੰ ਟੋਹਾਣਾ ਤੋਂ ਕਾਬੂ ਕਰਕੇ ਅਦਾਲਤ ਬੁਢਲਾਡਾ ਵਿੱਚ ਪੇਸ਼ ਕੀਤਾ। ਪੁਲਿਸ ਨੂੰ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ। ਥਾਣਾ ਮੁਖੀ ਅਨੁਸਾਰ ਚੋਰਾਂ ਕੋਲੋਂ ਕੁੱਝ ਸਾਮਾਨ ਬਰਾਮਦ ਹੋ ਗਿਆ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।