ਬਰੇਟਾ ਵਿਖੇ ਇਕੋ ਰਾਤ 7 ਦੁਕਾਨਾਂ ’ਤੇ ਚੋਰੀ
ਸਥਾਨਕ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਪੂਰੇ ਬੁਲੰਦ
Publish Date: Fri, 10 Apr 2026 07:48 PM (IST)
Updated Date: Sat, 11 Apr 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰੇਟਾ : ਬਰੇਟਾ ’ਚ ਚੋਰਾਂ ਵੱਲੋਂ ਲਗਾਤਾਰ ਦੁਕਾਨਾਂ ’ਤੇ ਚੋਰੀ ਕੀਤੀ ਜਾ ਰਹੀ ਹੈ। ਚੋਰਾਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਸਿਰਫ਼ ਦੋ, ਤਿੰਨ ਘੰਟਿਆਂ ਵਿੱਚ 7 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਅਤੇ ਕੁਝ ਦੁਕਾਨਾਂ ਵਿੱਚ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਘਟਨਾ ਨੇ ਇਲਾਕੇ ’ਚ ਦਹਿਸ਼ਤ ਫ਼ੈਲਾ ਦਿੱਤੀ ਹੈ। ਸ਼ਹਿਰ ਵਿੱਚ ਕੋਈ ਪਹਿਲੀ ਚੋਰੀ ਨਹੀਂ ਹੈ। ਘਟਨਾ ਵਾਲੇ ਸਥਾਨਾਂ ਤੋਂ ਪੁਲਿਸ ਸਟੇਸ਼ਨ ਵੀ ਨੇੜੇ ਅਤੇ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪੀੜ੍ਹਤ ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਨੇ ਸ਼ੈਲੀ ਕਰਿਆਨਾ ਸਟੋਰ ਤੇ ਦਾਖਲ ਹੋ ਕੇ ਚਾਵਲਾਂ ਦੇ ਦੋ ਗੱਟੇ ਚੋਰੀਂ ਕੀਤੇ। ਫ਼ਿਰ ਗਊਸ਼ਾਲਾ ਰੋਡ ਤੇ ਸਥਿਤ ਇੱਕ ਜ਼ਿੰਮੀਦਾਰਾ ਪੈਸਟੀਸਾਇਡ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਉਸ ਵਿਚੋਂ 40 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਅਤੇ ਇਸ ਬਾਅਦ ਇਨ੍ਹਾਂ ਚੋਰਾਂ ਨੇ ਬੱਸ ਸਟੈਂਡ ਰੋਡ ਤੇ ਇੱਕ ਬੁਟੀਕ ਦੀ ਦੁਕਾਨ ਵਿਚੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਤੇ ਹੱਥ ਸਾਫ਼ ਕੀਤਾ। ਫ਼ਿਰ ਇਨ੍ਹਾਂ ਚੋਰਾਂ ਨੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਰੇਡੀਮੇਡ ਦੀ ਦੁਕਾਨ ਵਿਚੋਂ 35 ਹਜ਼ਾਰ ਦਾ ਸਮਾਨ ਚੋਰੀ ਕਰ ਲਿਆ। ਸ਼ਹਿਰ ਦੇ ਦੁਕਾਨਦਾਰਾਂ ਨੇ ਸਮੂਹਿਕ ਤੌਰ ਤੇ ਜ਼ਿਲ੍ਹਾ ਪੁਲਿਸ ਮੁਖੀ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ। ਉਧਰ ਇਸ ਮਾਮਲੇ ‘ਚ ਥਾਣਾ ਬਰੇਟਾ ਦੇ ਮੁਖੀ ਮੇਲਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਸੀ ਟੀਵੀ ਕੈਮਰਿਆਂ ਦੀ ਫ਼ੁਟੇਜ਼ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ।