- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਅੰਦਰ ਐਲ.ਪੀ.ਜੀ. ਗੈਸ ਅਤੇ ਪੈਟਰੋਲ-ਡੀਜ਼ਲ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹੇ ਅੰਦਰ ਐੱਲਪੀਜੀ ਗੈਸ ਤੇ ਪੈਟਰੋਲ-ਡੀਜ਼ਲ ਦੀ ਕੋਈ ਘਾਟ ਨਹੀਂ ਹੈ। ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਬੇਵਜ੍ਹਾ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਪ੍ਰਗਟਾਵਾ ਏਡੀਸੀ ਅਨੁਪ੍ਰਿਤਾ ਜੌਹਲ ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਚ ਜ਼ਿਲ੍ਹੇ ਦੇ ਵੱਖ-ਵੱਖ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹੇ ਦੀਆਂ ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ਦੇ ਮਾਲਕ ਤੇ ਨੁਮਾਇੰਦੇ ਮੌਜੂਦ ਸਨ। ਏਡੀਸੀ ਨੇ ਮੀਟਿੰਗ ਦੌਰਾਨ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਦੀ ਸਪਲਾਈ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਮਾਨਸਾ ’ਚ ਗੈਸ ਤੇ ਪੈਟਰੋਲ-ਡੀਜ਼ਲ ਦੀ ਸਪਲਾਈ ਸੰਤੋਖਜਨਕ ਹੈ। ਜ਼ਿਲ੍ਹਾ ਪ੍ਰਸ਼ਾਸਨ, ਖੁਰਾਕ ਸਪਲਾਈ ਵਿਭਾਗ ਤੇ ਤੇਲ ਕੰਪਨੀਆਂ ਇਸ ਮਾਮਲੇ ਵਿੱਚ ਸਮੂਹ ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ਉੱਪਰ ਪੂਰੀ ਨਿਗਰਾਨੀ ਰੱਖ ਰਹੀਆਂ ਹਨ। ਜੇਕਰ ਲੋਕਾਂ ਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਤੇਲ ਕੰਪਨੀਆਂ, ਖੁਰਾਕ ਸਪਲਾਈ ਵਿਭਾਗ ਤੇ ਡੀਸੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਗੈਸ ਕੰਪਨੀਆਂ ਤੇ ਪੈਟਰੋਲ ਪੰਪਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਮੰਗ ਅਨੁਸਾਰ ਗੈਸ ਤੇ ਪੈਟਰੋਲ-ਡੀਜ਼ਲ ਦੀ ਸਪਲਾਈ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਿਲਾਵਟ ਜਾਂ ਕਾਲਾਬਜ਼ਾਰੀ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਪੈਟਰੋਲ ਪੰਪ ਉੱਪਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਰੰਮਾਂ ਆਦਿ ਦੀ ਵਰਤੋਂ ਕਰਕੇ ਪੈਟਰੋਲ-ਡੀਜ਼ਲ ਬੇਵਜ੍ਹਾ ਸਟੋਰ ਨਾ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਨਾਲ ਸਟੋਰ ਕੀਤੇ ਪੈਟਰੋਲ/ਡੀਜ਼ਲ ਨੂੰ ਅੱਗ ਲੱਗਣ ਦਾ ਖ਼ਤਰਾ ਹੋਣ ਕਰਕੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜ਼ਿਲ੍ਹਾ ਖੁਰਾਕ ਤੇ ਫੂਡ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕੁੱਲ 20 ਗੈਸ ਏਜੰਸੀਆਂ ਕੰਮ ਕਰ ਰਹੀਆਂ ਹਨ ਜੋ ਕਿ ਅੰਦਾਜਨ 2 ਲੱਖ 70 ਹਜ਼ਾਰ ਕੁਨੈਕਸ਼ਨਾਂ ਮੁਤਾਬਿਕ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਕਰ ਰਹੀਆਂ ਹਨ। ਘਰੇਲੂ ਐੱਲਪੀਜੀ ਦੀ ਸਪਲਾਈ ਸਬੰਧੀ ਕੋਈ ਵੀ ਸਮੱਸਿਆ ਨਹੀਂ ਹੈ ਅਤੇ ਘਰੇਲੂ ਐੱਲਪੀਜੀ ਦੀ ਸਪਲਾਈ ਪਹਿਲ ਦੇ ਅਧਾਰ ਤੇ ਕੀਤੀ ਜਾ ਰਹੀ ਹੈ। ਜ਼ਿਲ੍ਹੇ ਅੰਦਰ ਕਰੀਬ 148 ਪੈਟਰੋਲ ਪੰਪ ਕੰਮ ਕਰ ਰਹੇ ਹਨ ਤੇ ਪੈਟਰੋਲ-ਡੀਜ਼ਲ ਦੀ ਸਪਲਾਈ ’ਚ ਕੋਈ ਕਮੀ ਨਹੀਂ ਹੈ। ਮੱਧਪੂਰਬੀ ਏਸ਼ੀਆ ਦੀ ਜੰਗ ਦੇ ਹਾਲਾਤ ਕਾਰਨ 2-3 ਦਿਨ ਲਈ ਅਚਾਨਕ ਮੰਗ ਵੱਧ ਗਈ ਸੀ, ਜਿਸ ਨੂੰ ਪੂਰਾ ਕਰਨ ਲਈ ਵਾਧੂ ਸਪਲਾਈ ਦਿੱਤੀ ਗਈ ਸੀ ਪਰ ਹੁਣ ਮੰਗ ਆਮ ਪੱਧਰ 'ਤੇ ਆ ਚੁੱਕੀ ਹੈ ਜਿਸ ਨੂੰ ਜ਼ਰੂਰਤ ਅਨੁਸਾਰ ਪੂਰਾ ਕੀਤਾ ਜਾ ਰਿਹਾ ਹੈ।