ਪਸ਼ੂ ਹਸਪਤਾਲ ’ਚ ਆਧੁਨਿਕ ਮਸ਼ੀਨਾਂ ਦੀ ਵੱਡੀ ਘਾਟ : ਗੁਰਪ੍ਰੀਤ ਵਿੱਕੀ
ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਆਪਣੇ ਸੋਸ਼ਲ
Publish Date: Thu, 19 Mar 2026 06:42 PM (IST)
Updated Date: Thu, 19 Mar 2026 06:43 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਜ਼ਿਲ੍ਹੇ ਦੇ ਕਿਸਾਨ ਪਸ਼ੂ ਪਾਲਣ ਨੂੰ ਖੇਤੀਬਾੜੀ ਦੇ ਨਾਲ ਇਕ ਸਹਾਇਕ ਧੰਦੇ ਵਜੋਂ ਅਪਣਾ ਰਹੇ ਹਨ, ਪਰ ਜ਼ਿਲ੍ਹੇ ਦਾ ਵੈਟਰਨਰੀ ਹਸਪਤਾਲ ਬਹੁਤ ਹੀ ਖ਼ਰਾਬ ਹਾਲਤ ਵਿੱਚ ਚੱਲ ਰਿਹਾ ਹੈ। ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇਹ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਚਾਰਦੀਵਾਰੀ ਦੀ ਕਮੀ ਹੈ। ਇਮਾਰਤ ਦੀ ਹਾਲਤ ਵੀ ਬਹੁਤ ਜ਼ਿਆਦਾ ਖ਼ਸਤਾ ਹੈ ਅਤੇ ਲੁੜੀਂਦੀਆਂ ਦਵਾਈਆਂ ਦੀ ਵੀ ਘਾਟ ਹੈ। ਇਸ ਕਾਰਨ ਖ਼ਾਸ ਕਰ ਕੇ ਡੇਅਰੀ ਫ਼ਾਰਮਿੰਗ ਅਤੇ ਪਸ਼ੂ ਪਾਲਣ ਨਾਲ ਜੁੜੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਡਵੋਕੇਟ ਵਿਕੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਪਾਲੀਕਲੀਨਿਕ ਦੀ ਹਾਲਤ ਵੀ ਚਿੰਤਾਜਨਕ ਹੈ। ਇੱਥੇ ਪਸ਼ੂਆਂ ਲਈ ਨਾ ਤਾਂ ਅਲਟਰਾ ਸਾਊਂਡ ਮਸ਼ੀਨ ਉਪਲਬਧ ਹੈ ਅਤੇ ਨਾ ਹੀ ਐਕਸ-ਰੇ ਮਸ਼ੀਨ ਕੰਮ ਕਰ ਰਹੀ ਹੈ। ਇਸ ਕਰ ਕੇ ਪਸ਼ੂ ਮਾਲਕਾਂ ਨੂੰ ਆਪਣੇ ਪਸ਼ੂਆਂ ਦੀ ਜਾਂਚ ਲਈ ਹੋਰ ਸ਼ਹਿਰਾਂ, ਜਿਵੇਂ ਕਿ ਰਾਮਪੁਰਾ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਕਈ ਵਾਰ ਡਾਕਟਰਾਂ ਨੂੰ ਮਜਬੂਰੀ ਵਿੱਚ ਬਾਹਰਲੇ ਪ੍ਰਾਈਵੇਟ ਸੈਂਟਰਾਂ ਤੋਂ ਟੈਸਟ ਕਰਵਾਉਣ ਦੀ ਸਲਾਹ ਦੇਣੀ ਪੈਂਦੀ ਹੈ, ਜਿਸ ਨਾਲ ਪਸ਼ੂ ਪਾਲਕਾਂ ਤੇ ਵਾਧੂ ਆਰਥਿਕ ਬੋਝ ਪੈਂਦਾ ਹੈ। ਵਿੱਕੀ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਅੰਦਰ ਤਕਰੀਬਨ 1 ਲੱਖ 65 ਹਜ਼ਾਰ ਦੇ ਕਰੀਬ ਦੁੱਧਾਰੂ ਪਸ਼ੂ ਹਨ ਤੇ ਲਗਭਗ 7 ਹਜ਼ਾਰ ਤੋਂ ਵੱਧ ਪਸ਼ੂ ਹਰ ਮਹੀਨੇ ਇਸ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਆਉਂਦੇ ਹਨ ਜਿਨ੍ਹਾਂ ਵਿੱਚੋ ਬਹੁਤਿਆਂ ਨੂੰ ਸਿਰਫ਼ ਮੁੱਢਲੀ ਸਹਾਇਤਾ ਹੀ ਦਿੱਤੀ ਜਾਂਦੀ ਹੈ। ਅਲਟਰਾਸਾਊਂਡ ਮਸ਼ੀਨ ਦਾ ਨਾ ਹੋਣਾ ਤੇ ਐਕਸਰੇ ਮਸ਼ੀਨ ਦਾ ਖ਼ਰਾਬ ਹੋਣਾ ਪਸ਼ੂਆਂ ਦੀ ਗੰਭੀਰ ਬਿਮਾਰੀਆਂ ਨੂੰ ਲਾਇਲਾਜ਼ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੇ ਸਰਕਾਰੀ ਪਸ਼ੂ ਹਸਪਤਾਲ ਵਿੱਚ ਸਿਰਫ਼ ਵੈਕਸੀਨ ਹੀ ਸਮੇਂ ’ਤੇ ਉਪਲੱਬਧ ਹੁੰਦੀ ਹੈ, ਪਰ ਦੂਜੀਆਂ ਦਵਾਈਆਂ ਦੀ ਵੱਡੀ ਘਾਟ ਹੇਠ ਜਿਸ ਸਦਕਾ ਪਿੰਡਾਂ ਜਾਂ ਤਹਿਸੀਲਾਂ ਵਿਚ ਬਣੇ ਛੋਟੇ ਪਸ਼ੂ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਵਿੱਕੀ ਨੇ ਵੈਟਰਨਰੀ ਫ਼ਾਰਮਾਸਿਸਟਾਂ ਦੇ ਮੁੱਦੇ ਨੂੰ ਵੀ ਉੱਠਾਇਆ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਅਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਐਡਵੋਕੇਟ ਗੁਰਪ੍ਰੀਤ ਸਿੰਘ ਵਿਕੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਕਾਰਵਾਈ ਕਰਦੇ ਹੋਏ ਹਸਪਤਾਲਾਂ ਦੀ ਢਾਂਚਾਗਤ ਸੁਧਾਰ ਕੀਤਾ ਜਾਵੇ, ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ, ਅਲਟਰਾ ਸਾਊਂਡ ਅਤੇ ਐਕਸ-ਰੇ ਵਰਗੀਆਂ ਜ਼ਰੂਰੀ ਮਸ਼ੀਨਾਂ ਲਗਾਈਆਂ ਜਾਣ ਅਤੇ ਵੈਟਰਨਰੀ ਫਾਰਮਾਸਿਸਟਾਂ ਦੇ ਲੰਬਿਤ ਮਸਲਿਆਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੈਟਰਨਰੀ ਸਿਹਤ ਸੇਵਾਵਾਂ ਦੀ ਅਣਦੇਖੀ ਸਿੱਧੇ ਤੌਰ ‘ਤੇ ਕਿਸਾਨਾਂ ਅਤੇ ਪਿੰਡਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦੀ ਹੈ।