- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦਾ ਹਰ ਕੇਂਦਰੀ ਬਜਟ ਸਿਰਫ਼ ਅੰਕੜਿਆਂ,

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਦੇਸ਼ ਦਾ ਹਰ ਕੇਂਦਰੀ ਬਜਟ ਸਿਰਫ਼ ਅੰਕੜਿਆਂ, ਘਾਟੇ ਜਾਂ ਵਿੱਤੀ ਨੀਤੀਆਂ ਦਾ ਖੇਡ ਨਹੀਂ ਹੁੰਦਾ, ਬਲਕਿ ਇਹ ਦੇਸ਼ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲਾ ਦਸਤਾਵੇਜ਼ ਵੀ ਹੁੰਦਾ ਹੈ। ਭਾਰਤ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੌਜਵਾਨਾਂ ‘ਤੇ ਮੋੜਿਆ ਹੋਇਆ ਹੈ। ਇਸ ਕਰ ਕੇ ਆਉਣ ਵਾਲੇ ਕੇਂਦਰੀ ਬਜਟ ਤੋਂ ਨੌਜਵਾਨ ਵਰਗ ਨੂੰ ਖ਼ਾਸ ਉਮੀਦਾਂ ਹਨ। ਅੱਜ ਦਾ ਨੌਜਵਾਨ ਸਿਰਫ਼ ਨੌਕਰੀ ਨਹੀਂ, ਸਨਮਾਨਜਨਕ ਰੁਜ਼ਗਾਰ, ਹੁਨਰ ਵਿਕਾਸ, ਮਾਨਸਿਕ ਸਿਹਤ ਦੀ ਸੁਰੱਖਿਆ ਅਤੇ ਭਵਿੱਖ ਦੀ ਗਾਰੰਟੀ ਚਾਹੁੰਦਾ ਹੈ। ਪਰ ਬਦਕਿਸਮਤੀ ਨਾਲ ਪਿਛਲੇ ਕੁਝ ਸਾਲਾਂ ਤੋਂ ਬਜਟਾਂ ਵਿੱਚ ਨੌਜਵਾਨਾਂ ਲਈ ਕੀਤੇ ਗਏ ਐਲਾਨ ਜ਼ਮੀਨੀ ਹਕੀਕਤ ’ਚ ਘੱਟ ਹੀ ਦਿੱਖਦੇ ਹਨ। ਕੇਂਦਰੀ ਬਜਟ 2026 ’ਚ ਨੌਜਵਾਨਾਂ ਨੂੰ ਕਾਫ਼ੀ ਉਮੀਦਾਂ ਹਨ ਅਤੇ ਇਸ ’ਤੇ ਐਡਵੋਕੇਟ ਤੇ ਲਾਈਫ਼ ਕੋਚ ਡਾ. ਸੰਦੀਪ ਘੰਡ ਨੇ ਇਹ ਵਿਚਾਰ ਦਿੱਤੇ। ਉਨ੍ਹਾਂ ਕਿਹਾ ਕਿ ਬਜਟ ਵਿੱਚ ਨੌਜਵਾਨਾਂ ਲਈ ਰੋਜ਼ਗਾਰ, ਖੇਡਾਂ ਲਈ ਅਤੇ ਸਿੱਖਿਆ ਸਬੰਧੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਰੁਜ਼ਗਾਰ : ਸਭ ਤੋਂ ਵੱਡੀ ਚੁਣੌਤੀ ਦੇਸ਼ ਵਿੱਚ ਬੇਰੋਜ਼ਗਾਰੀ ਦਰ, ਖ਼ਾਸ ਕਰਕੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਚਿੰਤਾਜਨਕ ਹੈ। ਹਰ ਸਾਲ ਲੱਖਾਂ ਨੌਜਵਾਨ ਡਿਗਰੀਆਂ ਲੈ ਕੇ ਮਾਰਕੀਟ ਵਿੱਚ ਆ ਰਹੇ ਹਨ, ਪਰ ਨੌਕਰੀਆਂ ਦੀ ਗਿਣਤੀ ਉਸ ਅਨੁਪਾਤ ’ਚ ਨਹੀਂ ਵੱਧ ਰਹੀ। ਆਉਣ ਵਾਲੇ ਬਜਟ ਵਿੱਚ ਸਰਕਾਰ ਨੂੰ ਸਿਰਫ਼ ਸਕੀਮਾਂ ਦੇ ਐਲਾਨ ਦੀ ਬਜਾਏ ਨਵੇਂ ਉਦਯੋਗ, ਸਥਾਨਕ ਰੁਜ਼ਗਾਰ ਅਤੇ ਸਰਕਾਰੀ ਭਰਤੀਆਂ ਲਈ ਠੋਸ ਰੋਡਮੈਪ ਪੇਸ਼ ਕਰਨਾ ਚਾਹੀਦਾ ਹੈ।
ਸਿੱਖਿਆ ਅਤੇ ਹੁਨਰ ਵਿਕਾਸ : ਨਵੀਂ ਸਿੱਖਿਆ ਨੀਤੀ ਦੇ ਐਲਾਨਾਂ ਨੂੰ ਹਕੀਕਤ ਬਣਾਉਣ ਲਈ ਬਜਟ ’ਚ ਸੁਚੱਜੀ ਵਿੱਤੀ ਸਹਾਇਤਾ ਲਾਜ਼ਮੀ ਹੈ। ਸਕਿੱਲ ਡਿਵੈਲਪਮੈਂਟ ਦੇ ਨਾਮ ’ਤੇ ਸਿਰਫ ਅੰਕੜੇ ਪੇਸ਼ ਕਰਨ ਦੀ ਬਜਾਏ ਅਜਿਹੇ ਕੋਰਸ ਬਣਾਏ ਜਾਣ ਜੋ ਸਿੱਧੇ ਤੌਰ ’ਤੇ ਰੁਜ਼ਗਾਰ ਨਾਲ ਜੁੜੇ ਹੋਣ। ਪਿੰਡਾਂ ਦੇ ਨੌਜਵਾਨਾਂ ਲਈ ਟੈਕਨੀਕਲ ਅਤੇ ਡਿਜ਼ੀਟਲ ਸਿਖਲਾਈ ਕੇਂਦਰ ਖੋਲ੍ਹਣ ਦੀ ਲੋੜ ਹੈ।
ਸਟਾਰਟਅੱਪ ਅਤੇ ਸਵੈ-ਰੁਜ਼ਗਾਰ : ਨੌਜਵਾਨ ਅੱਜ ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣਨਾ ਚਾਹੁੰਦੇ ਹਨ। ਸਟਾਰਟਅੱਪ ਇੰਡੀਆ ਵਰਗੀਆਂ ਯੋਜਨਾਵਾਂ ਨੂੰ ਹੋਰ ਸਰਲ, ਪਾਰਦਰਸ਼ੀ ਅਤੇ ਕਰਜ਼ਾ-ਮੁਕਤ ਸਹਾਇਤਾ ਨਾਲ ਜੋੜਨਾ ਸਮੇਂ ਦੀ ਲੋੜ ਹੈ। ਛੋਟੇ ਕਾਰੋਬਾਰ ਸ਼ੁਰੂ ਕਰਨ ਵਾਲੇ ਨੌਜਵਾਨਾਂ ਲਈ ਟੈਕਸ ਛੂਟ ਅਤੇ ਆਸਾਨ ਲੋਨ ਪ੍ਰਕਿਰਿਆ ਬਜਟ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
ਅੱਜ ਦਾ ਨੌਜਵਾਨ ਤਣਾਅ, ਅਸਫ਼ਲਤਾ ਦੇ ਡਰ, ਬੇਰੁਜ਼ਗਾਰੀ ਅਤੇ ਮੁਕਾਬਲੇ ਦੀ ਦੌੜ ’ਚ ਮਾਨਸਿਕ ਦਬਾਅ ਦਾ ਸ਼ਿਕਾਰ ਹੈ। ਕੇਂਦਰੀ ਬਜਟ ’ਚ ਮਾਨਸਿਕ ਸਿਹਤ ਲਈ ਵੱਖਰਾ ਫੰਡ, ਕਾਊਂਸਲਿੰਗ ਸੈਂਟਰ ਅਤੇ ਕਾਲਜ-ਯੂਨੀਵਰਸਿਟੀਆਂ ਵਿੱਚ ਮਾਨਸਿਕ ਸਿਹਤ ਸੇਵਾਵਾਂ ਲਾਜ਼ਮੀ ਬਣਾਉਣ ਦੀ ਲੋੜ ਹੈ।
ਖੇਡਾਂ, ਸੱਭਿਆਚਾਰ ਤੇ ਯੂਥ ਕਲੱਬ : ਯੂਥ ਕਲੱਬਾਂ, ਖੇਡ ਮੈਦਾਨਾਂ ਅਤੇ ਸੱਭਿਆਚਾਰਕ ਸਰਗਰਮੀਆਂ ਨੂੰ ਦੁਆਰਾ ਜ਼ਿੰਦਾ ਕਰਨ ਲਈ ਬਜਟ ‘ਚ ਠੋਸ ਪ੍ਰਬੰਧ ਹੋਣਾ ਚਾਹੀਦਾ ਹੈ। ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਇਹ ਖੇਤਰ ਬਹੁਤ ਅਹਿਮ ਹਨ।
ਨਤੀਜਾ : ਆਉਣ ਵਾਲਾ ਕੇਂਦਰੀ ਬਜਟ ਨੌਜਵਾਨਾਂ ਲਈ ਸਿਰਫ਼ ਉਮੀਦਾਂ ਦਾ ਦਸਤਾਵੇਜ਼ ਨਹੀਂ, ਬਲਕਿ ਇਮਤਿਹਾਨ ਹੈ। ਸਰਕਾਰ ਦੀ ਨੀਅਤ ਅਤੇ ਦਿਸ਼ਾ ਦਾ। ਜੇ ਨੌਜਵਾਨ ਮਜ਼ਬੂਤ ਹੋਣਗੇ ਤਾਂ ਦੇਸ਼ ਆਪੇ ਮਜ਼ਬੂਤ ਹੋਵੇਗਾ। ਹੁਣ ਸਮਾਂ ਆ ਗਿਆ ਹੈ ਕਿ ਬਜਟ ’ਚ ਨੌਜਵਾਨਾਂ ਨੂੰ ਕੇਂਦਰ ’ਚ ਰੱਖ ਕੇ ਫ਼ੈਸਲੇ ਕੀਤੇ ਜਾਣ, ਨਾ ਕਿ ਉਨ੍ਹਾਂ ਨੂੰ ਸਿਰਫ਼ ਅੰਕੜਿਆਂ ਤਕ ਸੀਮਿਤ ਰੱਖਿਆ ਜਾਵੇ।