ਸੂਰਜ ਦੇ ਕਈ ਦਿਨਾਂ ਬਾਅਦ ਦਰਸ਼ਨਾਂ ਨੇ ਲੋਕਾਂ ਦੇ ਚਿਹਿਰਆਂ ’ਤੇ ਲਿਆਂਦੀ ਰੌਣਕ
ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਰਫਬਾਰੀ
Publish Date: Fri, 09 Jan 2026 05:18 PM (IST)
Updated Date: Fri, 09 Jan 2026 05:21 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਰਫ਼ਬਾਰੀ ਤੋਂ ਬਾਅਦ ਪੰਜਾਬ ਭਰ ਵਿੱਚ ਕਈ ਦਿਨਾਂ ਦੀ ਕਦੇ ਧੁੰਦ ਤੇ ਸੀਤ ਲਹਿਰ ਕਾਰਨ ਸੂਰਜ ਦੇਵਤਾ ਦੇ ਹੋਏ ਦਰਸ਼ਨ ਤੇ ਖਿੜੀ ਧੁੱਪ ਦੇ ਬਾਅਦ ਆਮ ਲੋਕਾਂ ਨੂੰ ਕੁੱਝ ਹੱਦ ਤਕ ਰਾਹਤ ਮਿਲੀ। ਇਸ ਨੇ ਲੋਕਾਂ ਦੇ ਚਿਹਰਿਆਂ ਦੇ ਰੌਣਕ ਲਿਆ ਦਿੱਤੀ। ਭਾਵੇਂਕਿ ਮੌਸਮ ਵਿਭਾਗ ਅਨੁਸਾਰ ਅਜੇ ਲੋਹੜੀ ਤਕ ਧੁੰਦ ਤੇ ਜ਼ਿਆਦਾ ਠੰਢ ਦੇ ਆਸਾਰ ਬਣੇ ਹੋਏ ਹਨ, ਪਰ ਅੱਜ ਨਿਕਲੀ ਇਹ ਧੁੱਪ ਨੇ ਕਾਫ਼ੀ ਹੱਦ ਤਕ ਆਮ ਲੋਕਾਂ ਲਈ ਰਾਹਤ ਲਿਆਂਦੀ। ਕਈ ਦਿਨਾਂ ਬਾਅਦ ਨਿਕਲੀ ਧੁੱਪ ਕਾਰਨ ਲੋਕ ਖੁਸ਼ ਨਜ਼ਰ ਆਏ। ਕਈ ਦਿਨਾਂ ਦੇ ਘਰਾਂ ਅੰਦਰ ਬੰਦ ਬਾਹਰ ਨਿਕਲੇ ਅਤੇ ਸੜਕਾਂ ’ਤੇ ਵੀ ਜ਼ਿਆਦਾ ਚਹਿਲ ਪਹਿਲ ਨਜ਼ਰ ਆਈ। ਇਹ ਹੀ ਨਹੀਂ ਦੁਕਾਨਦਾਰ ਵੀ ਜ਼ਿਆਦਾਤਰ ਦੁਕਾਨਾਂ ਦੇ ਬਾਹਰ ਹੀ ਕੁਰਸੀਆਂ ਡਾਹ ਕੇ ਧੁੱਪ ਸੇਕਦੇ ਨਜ਼ਰ ਆਏ। ਕਈ ਲੋਕ ਪਾਰਕਾਂ ਵਿੱਚ ਪਹੁੰਚ ਧੁੱਪ ਦਾ ਆਨੰਦ ਮਾਣਦੇ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼ੀਤ ਲਹਿਰ ਅਤੇ ਠੰਢੀਆਂ ਹਵਾਵਾਂ ਕਾਰਨ ਲੋਕ ਘਰਾਂ ਵਿੱਚ ਕੈਦ ਰਹਿਣ ਲਈ ਮਜ਼ਬੂਰ ਹੋ ਗਏ ਸਨ ਅਤੇ ਆਪਣੇ ਰੋਜ਼ਾਨਾ ਕੰਮਕਾਜ ਵੀ ਅੱਗੇ ਟਾਲ ਰਹੇ ਸਨ। ਅੱਜ ਜਿਵੇਂ ਹੀ ਧੁੱਪ ਨਿਕਲੀ ਤਾਂ ਸੜਕਾਂ ’ਤੇ ਵੀ ਰੌਣਕ ਵਾਪਸ ਆ ਗਈ ਅਤੇ ਲੋਕ ਮੁੜ ਆਪਣੇ ਕੰਮ-ਧੰਦੇ ਵੱਲ ਨਿਕਲ ਪਏ। ਦੁਕਾਨ ਦੇ ਬਾਹਰ ਕ੍ਰਿਸ਼ਨ ਕੁਮਾਰ, ਰਾਮ ਸਿੰਘ ਤੇ ਹੋਰਨਾਂ ਨੇ ਬੈਠਿਆਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਠੰਢ ਦੇ ਕਾਰਨ ਆਮ ਜਨ ਜੀਵਨ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ ਕਿਉਂਕਿ ਇਹ ਸੁੱਕੀ ਠੰਢ ਲੋਕਾਂ ਲਈ ਨੁਕਸਾਨ ਦਾਇਕ ਹੈ। ਇਹ ਅੱਜ ਧੁੱਪ ਨਿਕਲੀ ਹੈ। ਇਸ ਨਾਲ ਕੁੱਝ ਰਾਹਤ ਜ਼ਰੂਰ ਮਿਲੀ ਹੈ, ਪਰ ਇਸ ਦੇ ਬਾਅਦ ਸ਼ਾਮ ਤੇ ਸਵੇਰੇ ਫ਼ਿਰ ਠੰਢ ਦਾ ਮੌਸਮ ਜ਼ਰੂਰ ਬਣਨਾ ਹੈ ਅਤੇ ਮੌਸਮ ਵਿਭਾਗ ਅਨੁਸਾਰ ਵੀ ਆਉਣ ਵਾਲੇ ਦਿਨਾਂ ਤੱਕ ਠੰਢ ਬਣੇ ਰਹਿਣ ਦੇ ਆਸਾਰ ਹਨ।