ਇਸ ਮਹੀਨੇ ਸੰਘਰਸ਼ਾਂ ਦਾ ਪਿੜ ਮਘਿਆ ਰਹੇਗਾ : ਪੰਜਾਬ ਕਿਸਾਨ ਯੂਨੀਅਨ
ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜ਼ੋਨ ਦੀ
Publish Date: Fri, 06 Mar 2026 06:22 PM (IST)
Updated Date: Sat, 07 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਮਾਨਸਾ : ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜ਼ੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕੀ ਹਮਲੇ ਵਿੱਚ ਮਾਰੇ ਗਏ ਅਨੇਕਾਂ ਇਰਾਨੀਆਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਦੱਸਿਆ ਕਿ ਪਿਛਲੇ ਦਿਨ੍ਹੀਂ ਉਗਰਾਹਾਂ ਜੱਥੇਬੰਦੀ ‘ਤੇ ਹੋਏ ਅੰਨ੍ਹੇਵਾਹ ਤਸ਼ੱਦਦ ਦੇ ਵਿਰੋਧ ਵਿੱਚ ਐੱਸਐੱਸਪੀ ਨੂੰ ਸਸਪੈਂਡ ਕਰਨ ਦੀ ਮੰਗ ਨੂੰ ਲੈ ਕੇ ਬਠਿੰਡਾ ਵਿਖੇ ਕੀਤੇ ਜਾ ਰਹੇ ਵੱਡੇ ਇਕੱਠ ਵਿੱਚ ਪੰਜਾਬ ਕਿਸਾਨ ਯੂਨੀਅਨ ਭਰਵੀਂ ਸ਼ਮੂਲੀਅਤ ਕਰੇਗੀ। 10 ਮਾਰਚ ਨੂੰ ਟਰੇਡ ਯੂਨੀਅਨਾਂ ਦੀ ਰੈਲੀ ਦੌਰਾਨ ਬਰਨਾਲਾ ਵਿਖੇ ਵੱਡੀ ਗਿਣਤੀ ਵਰਕਰ ਸ਼ਾਮਲ ਕੀਤੇ ਜਾਣਗੇ। 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਵੱਖ ਵੱਖ ਜ਼ਿਲ੍ਹਿਆਂ ਵਿਚ ਕਿਸਾਨ ਆਗੂ ਤਹਿ ਕੀਤੀ ਜਗਾ ਹਾਜ਼ਰੀ ਲਵਾਉਣਗੇ । ਮੀਟਿੰਗ ਦੌਰਾਨ ਅਮਰੀਕੀ ਹਮਲੇ ਅਤੇ ਪੰਜਾਬ ਵਿੱਚ ਉਗਰਾਹਾਂ ਜੱਥੇਬੰਦੀ ਉਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਗੋਰਾ ਸਿੰਘ ਭੈਣੀਬਾਘਾ, ਸਵਰਨ ਸਿੰਘ ਨਵਾਂਗਾਓਂ, ਭੋਲਾ ਸਿੰਘ ਸਮਾਓ, ਗੁਰਜੀਤ ਸਿੰਘ ਜੈਤੋ, ਜੁਗਰਾਜ ਸਿੰਘ ਮਲੋਟ, ਜੱਗਾ ਸਿੰਘ ਬਦਰਾ, ਰਾਮਫਲ ਚੱਕ ਅਲੀਸ਼ੇਰ, ਕਰਨੈਲ ਸਿੰਘ ਮਾਨਸਾ, ਇੰਦਰਜੀਤ ਸਿੰਘ ਮੁਕਤਸਰ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਸਰਗਰਮ ਵਰਕਰ ਹਾਜ਼ਿਰ ਸਨ।