ਸਤਿਸੰਗ ਦੀ ਕਥਾ ਹਿਰਦੇ ਨੂੰ ਪਵਿੱਤਰ ਕਰਦੀ : ਸਵਾਮੀ ਭੁਵਨੇਸ਼ਵਰੀ ਦੇਵੀ
ਸਤਿਸੰਗ ਦੀ ਕਥਾ ਵਿਅਕਤੀ ਦੇ ਮਨ ਨੂੰ
Publish Date: Thu, 12 Mar 2026 05:27 PM (IST)
Updated Date: Thu, 12 Mar 2026 05:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਤਿਸੰਗ ਦੀ ਕਥਾ ਵਿਅਕਤੀ ਦੇ ਮਨ ਨੂੰ ਪਵਿੱਤਰ ਅਤੇ ਪਾਵਨ ਕਰਨ ਦਾ ਆਸਾਨ ਰਸਤਾ ਹੈ ਅਤੇ ਸਤਿਸੰਗ ਨਾਲ ਜੁੜਨਾ ਜੀਵਨ ਨੂੰ ਸਫ਼ਲ ਬਣਾਉਂਦਾ ਹੈ। ਇਹ ਅਨਮੋਲ ਵਚਨ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਜੀ ਨੇ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਸਤਿਗੁਰੂ ਸੇਵਾ ਟਰੱਸਟ ਮਾਨਸਾ ਵੱਲੋਂ 11 ਤੋਂ 15 ਮਾਰਚ ਤੱਕ ਚੱਲ ਰਹੇ ਪਾਂਚ ਸ਼ਾਮ ਕਨੱਈਆ ਕੇ ਨਾਮ ਸਤਿਸੰਗ ਦੌਰਾਨ ਕਹੇ। ਸਤਿਸੰਗ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਦੀ ਕਥਾ ਨਾਲ ਜਾਂ ਪ੍ਰਭੂ ਦਾ ਸੁਮਿਰਨ ਕਰਨ ਨਾਲ ਆਤਮਾ ਨੂੰ ਬਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁਨੀਆ ਵਿੱਚ ਮਨੁੱਖ ਨੂੰ ਸਭ ਕੁਝ ਮਿਲ ਸਕਦਾ ਹੈ, ਪਰ ਜੇ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਨਹੀਂ, ਤਾਂ ਜੀਵਨ ਅਧੂਰਾ ਰਹਿੰਦਾ ਹੈ। ਸੁਆਮੀ ਜੀ ਨੇ ਕਿਹਾ ਕਿ ਮਨੁੱਖ ਦਾ ਜੀਵਨ ਸਿਰਫ ਖਾਣ-ਪੀਣ ਅਤੇ ਧਨ ਇਕੱਠਾ ਕਰਨ ਲਈ ਨਹੀਂ, ਸਗੋਂ ਚੰਗੇ ਕਰਮ ਕਰਨ ਅਤੇ ਸੱਚ ਦੇ ਰਾਹ ’ਤੇ ਤੁਰਨ ਲਈ ਹੈ। ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਸਤਿਸੰਗ ਵਿੱਚ ਝੰਡਾ ਪੂਜਨ ਦੀ ਰਸਮ ਕਰਨ ਦਾ ਸੁਭਾਗ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਪ੍ਰੇਮ ਅਰੋੜਾ ਨੂੰ ਮਿਲਿਆ ਅਤੇ ਇਸ ਉਪਰੰਤ ਉਨ੍ਹਾਂ ਸੁਆਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜੋਤੀ ਪ੍ਰਚੰਡ ਦੀ ਰਸਮ ਸ਼੍ਰੀ ਧਰਮ ਪਾਲ ਅਤੇ ਰਾਜ ਕੁਮਾਰ ਰਾਜੂ ਵੱਲੋਂ ਨਿਭਾਈ ਗਈ। ਇਸੇ ਤਰ੍ਹਾਂ ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕਰਨ ਦਾ ਸਨਮਾਨ ਪਵਨ ਬਾਂਸਲ, ਡਾ. ਸੁਨੀਲ ਬਾਂਸਲ ਅਤੇ ਡਾ. ਸ਼ੈਂਕੀ ਬਾਂਸਲ ਨੂੰ ਮਿਲਿਆ। ਮੰਚ ਸੰਚਾਲਨ ਦੀ ਭੂਮਿਕਾ ਟਰੱਸਟ ਦੇ ਕੌਮੀ ਸਕੱਤਰ ਆਨੰਦ ਪ੍ਰਕਾਸ਼ ਗੁਪਤਾ ਵੱਲੋਂ ਬਾਖੂਬੀ ਨਿਭਾਈ ਗਈ।