ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ’ਚ ਨਾਰੀ ਚੇਤਨਾ ਨੂੰ ਸਮਰਪਿਤ ਕਰਵਾਇਆ ਸਮਾਗਮ
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਾਰੀ
Publish Date: Mon, 12 Jan 2026 06:43 PM (IST)
Updated Date: Tue, 13 Jan 2026 04:09 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ ਭੀਖੀ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਾਰੀ ਚੇਤਨਾ ਨੂੰ ਸਮਰਪਿਤ ਸਮਾਗਮ ਸਪਤ ਸ਼ਕਤੀ ਸੰਗਮ ਸੰਪੂਰਨ ਹੋਇਆ। ਜ਼ਿਕਰਯੋਗ ਹੈ ਕਿ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਪੂਰੇ ਭਾਰਤ ਵਿੱਚ ਸਪਤ ਸ਼ਕਤੀ ਸੰਗਮ ਪ੍ਰੋਗਰਾਮ ਕਰਵਾਉਣ ਦਾ ਟੀਚਾ ਮਿੱਥਿਆ ਗਿਆ, ਜਿਸਦਾ ਦਾ ਮੁੱਖ ਉਦੇਸ਼ ਨਾਰੀ ਸ਼ਕਤੀ, ਨਾਰੀ ਅਸੀਮਤਾ ਅਤੇ ਸਮਾਜ ਵਿੱਚ ਔਰਤ ਦੇ ਯੋਗਦਾਨ ਨੂੰ ਪ੍ਰਗਟ ਕਰਨਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ 100 ਦੇ ਕਰੀਬ ਮਾਤਾਵਾਂ-ਭੈਣਾਂ ਨੇ ਵਧ-ਚੜ੍ਹ ਕੇ ਭਾਗ ਲਿਆ। ਪ੍ਰੋਗਰਾਮ ਵਿੱਚ ਯੋਗਿਤਾ ਜੋਸ਼ੀ (ਲੈਕਚਰਾਰ ਅੰਗਰੇਜ਼ੀ ਤੇ ਮਨੋਵਿਗਿਆਨ), ਅਮਨਦੀਪ ਕੌਰ ਗਤੀਵਿਧੀ ਇੰਚਾਰਜ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਮੁੱਖ ਵਕਤਾ ਵਜੋਂ, ਅੰਜੂ ਭੀਖੀ, ਸੁਖਪਾਲ ਕੌਰ ਬੀਰੋਕੇ (ਆਰਗੈਨਿਕ ਫੂਡ ਉਤਪਾਦਕ) ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਨਵਯੁਗ ਦਾ ਨਵ ਵਿਚਾਰ ਆਇਆ ਗੀਤ ਨਾਲ ਕੀਤੀ ਤੇ ਇਸਦੇ ਨਾਲ ਹੀ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਦੁਆਰਾ ਦੀਪ ਜਗਾ ਕੇ ਇਸ ਪ੍ਰੋਗਰਾਮ ਨੂੰ ਅੱਗੇ ਤੋਰਿਆ। ਇਸ ਦੌਰਾਨ ਸਮੂਹ ਮਾਤਾਵਾਂ ਨੂੰ ਸੰਬੋਧਨ ਕਰਦਿਆਂ ਦੀਦੀ ਅਮਨਦੀਪ ਕੌਰ ਜੀ ਨੇ ਕੁਟੁੰਬ ਪ੍ਰਬੋਧਨ ਅਤੇ ਵਾਤਾਵਰਨ ਦੇ ਸਬੰਧ ’ਚ ਭਾਰਤੀ ਦ੍ਰਿਸ਼ਟੀ ਵਿਸ਼ੇ ਨਾਲ ਸਾਰਿਆਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਬੜੇ ਹੀ ਕੀਮਤੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਾਰੀ ਦੇ ਸੰਦਰਭ ਵਿਚ ਸਹਿਣਸ਼ੀਲਤਾ ਹੀ ਇੱਕ ਅਜਿਹਾ ਗੁਣ ਹੈ, ਜਿਸ ਨਾਲ ਅਸੀਂ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਸੁਖਾਵਾਂ ਬਣਾ ਸਕਦੇ ਹਾਂ। ਉਨ੍ਹਾਂ ਸਮਾਜ ਦੀ ਵਿਗੜੀ ਹੋਈ ਹਾਲਤ ਨੂੰ ਸੰਵਾਰਨਾ, ਸੰਸਕਾਰ, ਪਰਿਵਾਰਾਂ ਦੇ ਨਕਸ਼-ਮੁਹਾਰ ਨੂੰ ਬਦਲਣਾ, ਨਿੱਤਨੇਮ ਦੀ ਆਦਤ ਪਾਉਣਾ ਆਦਿ ਸਰੋਕਾਰਾਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਦੀਦੀ ਯੋਗਿਤਾ ਜੋਸ਼ੀ ਜੀ ਦੁਆਰਾ ਭਾਰਤੀ ਇਤਿਹਾਸ ਦੇ ਪ੍ਰਸੰਗ ਵਿੱਚੋਂ ਪ੍ਰੇਰਣਾਦਾਇਕ ਪ੍ਰਸੰਗ ਸੁਣਾ ਕੇ ਨਾਰੀ ਦੀ ਸ਼ਕਤੀ ਨੂੰ ਉਭਾਰਨ ਅਤੇ ਨਾਰੀ ਦੇ ਸਹਿਯੋਗ ਨੂੰ ਪ੍ਰਗਟਾਉਣ ਦੇ ਸੰਬੰਧ ਵਿਚ ਜਾਗਰੂਕ ਸ਼ਕਤੀ, ਸਾਹਸ ਸ਼ਕਤੀ, ਸਿਰਜਣਾਤਮਕ ਸ਼ਕਤੀ, ਸਿੱਖਿਆ ਸ਼ਕਤੀ, ਨੇਤ੍ਰਿਤਵ ਸ਼ਕਤੀ, ਸੁਰੱਖਿਆ ਸ਼ਕਤੀ, ਆਤਮ ਨਿਰਭਰਤਾ ਸ਼ਕਤੀ ਨੂੰ ਕੇਂਦਰ ਬਿੰਦੂ ਬਣਾਇਆ ਗਿਆ। ਇਸ ਦੌਰਾਨ ਉਹਨਾਂ ਵੱਲੋਂ ਨਾਰੀ ਜਾਗਰੂਕਤਾ, ਭਾਵਨਾਤਮਕ ਬੁੱਧੀ, ਸਿੱਖਿਆ ਨੀਤੀ, ਆਤਮ ਨਿਰਭਰਤਾ ਤੇ ਸਮਾਜਿਕ ਸੁਰੱਖਿਆ, ਇਸਤਰੀ ਦੇ ਅਸਤਿੱਤਵ, ਪਰਿਵਾਰਕ ਮੁੱਲ, ਅਧਿਆਤਮਿਕ ਮੁੱਲਾਂ ਅਤੇ ਸਮਾਜਿਕ ਸਰੋਕਾਰਾਂ ਤੇ ਵਿਸ਼ੇਸ਼ ਤੌਰ ’ਤੇ ਰੋਸ਼ਨੀ ਪਾਈ। ਲੜਨਾ ਤਾਕਤ ਨਹੀਂ, ਬੁੱਧੀ ਵਿਵੇਕ ਨਾਲ ਹਰ ਸਮੱਸਿਆ ਦਾ ਹੱਲ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਮਾਤਾਵਾਂ, ਭੈਣਾਂ ਵੱਲੋਂ ਇਹ ਸੰਕਲਪ ਲਿਆ ਗਿਆ ਕਿ ਉਹ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਮਾਣ ਦਾ ਭਾਵ ਰੱਖਣਗੇ ਅਤੇ ਸਹਿਣਸ਼ੀਲਤਾ ਦੇ ਨਾਲ ਘਰ ਚਲਾਉਣਾ, ਵਾਤਾਵਰਨ ਸੰਭਾਲ ਜੀਵਨ ਸ਼ੈਲੀ ਅਪਣਾਉਣੀ ਅਤੇ ਆਪਣੇ ਕਰਤੱਬਾਂ ਦੀ ਪਾਲਣਾ ਕਰਨਗੇ। ਸਮਾਗਮ ਦੇ ਅੰਤ ’ਚ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਸਪਤ ਸ਼ਕਤੀ ਸੰਗਮ ਤਹਿਤ ਪੁੱਜੀਆਂ ਸਤਿਕਾਰਤ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਨਾਰੀ ਕਿਸੇ ਵੀ ਸੀਮਾ ਤੱਕ ਆਪਣੇ ਘਰ-ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾ ਸਕਦੀ ਹੈ। ਸਾਡੇ ਦੇਸ਼ ਦੀਆਂ ਨਾਰੀਆਂ ਦੇ ਯੋਗਦਾਨ ਨੇ ਹੀ ਸਾਡਾ ਸਮਾਜ ਦਾ ਸਿਰ ਉੱਚਾ ਕੀਤਾ ਹੈ। ਆਪਣੇ ਜੀਵਨ ’ਚ ਸਫ਼ਲ ਕਾਰਜ ਸ਼ੈਲੀ ਲਈ ਮੁੱਖ ਮਹਿਮਾਨ ਸ਼੍ਰੀਮਤੀ ਅੰਜੂ ਭੀਖੀ, ਸੁਖਪਾਲ ਕੌਰ ਬੀਰੋਕੇ, ਮੁੱਖ ਬੁਲਾਰਾ ਤੇ ਕਈ ਹੋਰ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ।