ਦਿ ਰੌਇਲ ਗਰੁੱਪ ਆੱਫ਼ ਕਾਲਜਿਜ਼ ਬੋੜਾਵਾਲ ਵੱਲੋਂ ਵਿੱਦਿਅਕ ਟੂਰ ਰਵਾਨਾ
ਦਿ ਰੌਇਲ ਗਰੁੱਪ ਆਫ ਕਾਲਜਿਜ਼ ਵੱਲੋਂ
Publish Date: Fri, 10 Apr 2026 08:07 PM (IST)
Updated Date: Sat, 11 Apr 2026 04:15 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆੱਫ਼ ਕਾਲਜਿਜ਼ ਵੱਲੋਂ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਿਸ਼ੇਸ਼ ਵਿੱਦਿਅਕ ਟੂਰ ਲਗਾਇਆ ਗਿਆ। ਇਸ ਟੂਰ ਤਹਿਤ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਉਤਸ਼ਾਹ ਨਾਲ ਸ਼ਾਮਿਲ ਹੋਏ ਅਤੇ ਆਗਰਾ ਸਮੇਤ ਕਈ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਹੋਏ। ਇਸ ਯਾਤਰਾ ਦੌਰਾਨ ਵਿਦਿਆਰਥੀ ਅਗਰੋਹਾ, ਆਗਰਾ, ਫ਼ਤਿਹਪੁਰ ਸੀਕਰੀ, ਮਥੁਰਾ ਤੇ ਵ੍ਰਿੰਦਾਵਨ ਵਰਗੇ ਪ੍ਰਸਿੱਧ ਸਥਾਨਾਂ ਦਾ ਦੌਰਾ ਕਰਨਗੇ। ਇਹ ਸਾਰੇ ਸਥਾਨ ਭਾਰਤ ਦੀ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਦੇ ਮਹੱਤਵਪੂਰਨ ਕੇਂਦਰ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਸਥਾਨਾਂ ਦੇ ਇਤਿਹਾਸ, ਮਹੱਤਤਾ ਅਤੇ ਸੱਭਿਆਚਾਰਕ ਪੱਖਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ। ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਦਿਅਕ ਦੌਰੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਬਾਹਰ ਨਿਕਲ ਕੇ ਪ੍ਰੈਕਟੀਕਲ ਤਜਰਬਾ ਪ੍ਰਦਾਨ ਕਰਦੇ ਹਨ। ਇਸ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਟੀਮ ਵਰਕ ਅਤੇ ਸਮਾਜਿਕ ਸਮਝ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਅਜਿਹੀਆਂ ਗਤੀਵਿਧੀਆਂ ਸਮੇਂ ਸਮੇਂ ‘ਤੇ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਹੋ ਸਕੇ। ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਕਾਲਜ ਕੈਂਪਸ ਵਿੱਚ ਖ਼ਾਸ ਤਿਆਰੀਆਂ ਕੀਤੀਆਂ। ਅਧਿਆਪਕਾਂ ਅਤੇ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਯਾਤਰਾ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ। ਰਵਾਨਗੀ ਦੇ ਸਮੇਂ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਤੇ ਖੁਸ਼ੀ ਦੇਖਣ ਨੂੰ ਮਿਲੀ। ਉਨ੍ਹਾਂ ਨੇ ਨਵੇਂ ਸਥਾਨਾਂ ਨੂੰ ਦੇਖਣ ਤੇ ਨਵੀਆਂ ਗੱਲਾਂ ਸਿੱਖਣ ਲਈ ਇਸ ਯਾਤਰਾ ਦੀ ਸ਼ੁਰੂਆਤ ਕੀਤੀ। ਕਾਲਜ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਲਈ ਸੁਖਦ ਅਤੇ ਸੁਰੱਖਿਅਤ ਯਾਤਰਾ ਦੀ ਕਾਮਨਾ ਕੀਤੀ ਗਈ।