- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਮਨੁੱਖੀ ਜ਼ਿੰਦਗੀ ਦਾ ਅਟੁੱਟ ਅਤੇ ਅਨਿੱਖੜਵਾਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਮਾਨਸਾ : ਸਿੱਖਿਆ ਮਨੁੱਖੀ ਜ਼ਿੰਦਗੀ ਦਾ ਅਟੁੱਟ ਅਤੇ ਅਨਿੱਖੜਵਾਂ ਅੰਗ ਹੁੰਦੀ ਹੈ। ਪ੍ਰੀਖਿਆ ਸਿੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਪੜਾਅ ਹੈ। ਵਿਦਿਆਰਥੀਆਂ ਦੀ ਸਿੱਖਿਅਕ ਯਾਤਰਾ ਵਿੱਚ ਪ੍ਰੀਖਿਆ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਕਿਉਂਕਿ ਇਸ ਨਾਲ ਵਿਦਿਆਰਥੀ ਦੀ ਸਮਝ, ਮਿਹਨਤ ਤੇ ਯੋਗਤਾ ਦਾ ਮੁਲਾਂਕਣ ਕੀਤਾ ਜਾਂਦਾ ਹੈ। ਸੁਰੱਈਆ ਈਟੀਟੀ ਅਧਿਆਪਕ ਸਪਸ ਜਲਵੇੜ੍ਹਾ ਰੋਡ ਬਰੇਟਾ ਨੇ ਇਹ ਵਿਚਾਰ ਰੱਖੇ।
ਉਨ੍ਹਾਂ ਕਿਹਾ ਕਿ ਇਸ ਸਮੁੱਚੀ ਪ੍ਰਕਿਰਿਆ ਵਿੱਚ ਅਧਿਆਪਕ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਅਤੇ ਨਿਰਣਾਇਕ ਹੁੰਦੀ ਹੈ। ਅਧਿਆਪਕ ਸਿੱਖਿਆ ਦੀ ਨੀਂਹ ਰੱਖਣ ਵਾਲਾ ਹੁੰਦਾ ਹੈ। ਸਭ ਤੋਂ ਪਹਿਲਾਂ ਅਧਿਆਪਕ ਵਿਦਿਆਰਥੀਆਂ ਨੂੰ ਪਾਠਕ੍ਰਮ ਦੀ ਸਹੀ ਅਤੇ ਡੂੰਘੀ ਸਮਝ ਦਿੰਦਾ ਹੈ, ਜੇ ਅਧਿਆਪਕ ਵਿਸ਼ੇ ਨੂੰ ਆਸਾਨ ਅਤੇ ਰੁਚੀ ਭਰਪੂਰ ਢੰਗ ਨਾਲ ਪੜ੍ਹਾਉਂਦਾ ਹੈ ਤਾਂ ਹੀ ਵਿਦਿਆਰਥੀ ਪ੍ਰੀਖਿਆ ਲਈ ਆਤਮ ਵਿਸ਼ਵਾਸ ਨਾਲ ਤਿਆਰੀ ਕਰ ਸਕਦੇ ਹਨ। ਅਧਿਆਪਕ ਵੱਲੋਂ ਦਿੱਤਾ ਸਹੀ ਮਾਰਗ -ਦਰਸ਼ਨ ਵਿਦਿਆਰਥੀ ਦੀ ਸਫ਼ਲਤਾ ਦਾ ਆਧਾਰ ਬਣਦਾ ਹੈ। ਪ੍ਰੀਖਿਆ ਦੇ ਪਹਿਲਾਂ ਅਧਿਆਪਕ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਹ ਦੁਹਰਾਈ ਕਲਾਸਾਂ, ਲਿਖਤੀ ਅਭਿਆਸ, ਮਾਡਲ ਪੇਪਰ ਤੇ ਟੈਸਟਾਂ ਰਾਹੀਂ ਵਿਦਿਆਰਥੀ ਦੀ ਪ੍ਰੀਖਿਆ ਲਈ ਤਿਆਰੀ ਨੂੰ ਮਜ਼ਬੂਤ ਕਰਦਾ ਹੈ। ਕਮਜ਼ੋਰ ਅਤੇ ਔਸਤ ਦਰਜੇ ਦੇ ਵਿਦਿਆਰਥੀਆਂ ’ਤੇ ਵਿਸ਼ੇਸ਼ ਧਿਆਨ ਦੇ ਕੇ ਅਧਿਆਪਕ ਉਨ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦਾ ਹੈ। ਉਹ ਵਿਦਿਆਰਥੀਆਂ ਨੂੰ ਸਮੇਂ ਦੀ ਉੱਚਿਤ ਵਰਤੋਂ, ਉੱਤਰ ਲਿਖਣ ਦੀ ਕਲਾ ਅਤੇ ਪ੍ਰਸ਼ਨ ਪੱਤਰ ਨੂੰ ਸਮਝਣ ਦੇ ਢੰਗ ਵੀ ਸਿਖਾਉਂਦਾ ਹੈ ਤਾਂ ਜੋ ਵਿਦਿਆਰਥੀ ਪ੍ਰੀਖਿਆ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਣ। ਅਜੋਕੇ ਆਧੁਨਿਕ ਤੇ ਤਕਨੀਕੀ ਯੁੱਗ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਜੁੜਿਆ ਤਣਾਅ ਵੀ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਇਸ ਸੰਦਰਭ ’ਚ ਅਧਿਆਪਕ ਨੇ ਇਕ ਮਾਰਗਦਰਸ਼ਕ ਅਤੇ ਮਨੋਵਿਗਿਆਨਕ ਸਹਾਇਕ ਦੀ ਭੂਮਿਕਾ ਵੀ ਨਿਭਾਉਣੀ ਹੁੰਦੀ ਹੈ। ਆਪਣੇ ਵਿਦਿਆਰਥੀਆਂ ਨੂੰ ਹੌਂਸਲਾ ਦੇਣਾ, ਡਰ ਦੂਰ ਕਰਨਾ ਅਤੇ ਸਕਾਰਾਤਮਕ ਸੋਚ ਵਿਕਸਿਤ ਕਰਨਾ ਵੀ ਅਧਿਆਪਕ ਦੀ ਜ਼ਿੰਮੇਵਾਰੀ ਹੈ। ਵਿਦਿਆਰਥੀਆਂ ਨੂੰ ਪ੍ਰੇਰਣਾ ਦੇਣ ਨਾਲ ਉਨ੍ਹਾਂ ਦੇ ਮਨ ਵਿੱਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਪ੍ਰੀਖਿਆ ਵਿੱਚ ਸ਼ਾਂਤੀਪੂਰਨ ਅਤੇ ਨਿਆਂਪੂਰਨ ਮਾਹੌਲ ਬਣਾਉਣ ਦੀ ਵੀ ਅਧਿਆਪਕ ਦੀ ਇੱਕ ਨੈਤਿਕ ਡਿਊਟੀ ਹੁੰਦੀ ਹੈ। ਨਕਲ ਵਰਗੀ ਬੁਰਾਈ ਨੂੰ ਰੋਕ ਕੇ ਅਧਿਆਪਕ ਵਿਦਿਆਰਥੀਆਂ ਵਿੱਚ ਸੱਚਾਈ ਤੇ ਇਮਾਨਦਾਰੀ ਦੇ ਗੁਣ ਵਿਕਸਿਤ ਕਰਦਾ ਹੈ। ਪ੍ਰੀਖਿਆ ਬਾਅਦ ਵੀ ਅਧਿਆਪਕ ਦੀ ਭੂਮਿਕਾ ਖ਼ਤਮ ਨਹੀਂ ਹੁੰਦੀ।
ਨਤੀਜਿਆਂ ਦਾ ਵਿਸ਼ਲੇਸ਼ਣ ਕਰਨਾ, ਉੱਤਰ ਪੱਤਰੀਆਂ ਦੀ ਜਾਂਚ ਕਰਨਾ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਵੀ ਪ੍ਰਦਾਨ ਕਰਨਾ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਦਾ ਹਿੱਸਾ ਹੈ। ਸਕਾਰਾਤਮਕ ਆਲੋਚਨਾ ਅਤੇ ਹੌਂਸਲਾ ਅਫ਼ਜ਼ਾਈ ਨਾਲ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਵੀ ਅਧਿਆਪਕ ਦੇ ਹਿੱਸੇ ਆਇਆ ਹੈ। ਸੋ ਸਪੱਸ਼ਟ ਹੈ ਕਿ ਬਿਨਾ ਸ਼ੱਕ ਵਿਦਿਆਰਥੀਆਂ ਦੀ ਪ੍ਰੀਖਿਆ ਵਿੱਚ ਸਫ਼ਲਤਾ ਸਿਰਫ਼ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਨਹੀਂ ਹੁੰਦੀ, ਸਗੋਂ ਅਧਿਆਪਕ ਦੀ ਲਗਨ, ਸਮਰਪਣ ਅਤੇ ਸਹੀ ਦਿਸ਼ਾ-ਨਿਰਦੇਸ਼ ਦਾ ਵੀ ਪ੍ਰਤੀਬਿੰਬ ਹੁੰਦੀ ਹੈ। ਅਧਿਆਪਕ ਸਮਾਜ ਤੇ ਦੇਸ਼ ਦਾ ਸ਼ਿਲਪਕਾਰ ਹੁੰਦਾ ਹੈ ਜੋ ਪਰੀਖਿਆ ਰਾਹੀਂ ਵਿਦਿਆਰਥੀਆਂ ਨੂੰ ਸਿਰਫ਼ ਗਿਆਨ ਦੇ ਕੇ ਅੰਕ ਪ੍ਰਾਪਤ ਕਰਨ ਲਈ ਹੀ ਨਹੀਂ, ਸਗੋਂ ਜ਼ਿੰਦਗੀ ਦੀ ਸਹੀ ਦਿਸ਼ਾ ਦਿਖਾ ਕੇ ਉਨਾਂ ਦੇ ਭਵਿੱਖ ਦਾ ਨਿਰਮਾਤਾ ਵੀ ਹੁੰਦਾ ਹੈ । ਇਸ ਲਈ ਪਰੀਖਿਆ ਵਿੱਚ ਵਿਦਿਆਰਥੀਆਂ ਦੀ ਸਫ਼ਲਤਾ ਪਿੱਛੇ ਅਧਿਆਪਕ ਦੀ ਭੂਮਿਕਾ ਕੇਂਦਰੀ ਤੇ ਪ੍ਰਭਾਵਸ਼ਾਲੀ ਹੁੰਦੀ ਹੈ।" ਪ੍ਰੀਖਿਆ ਦੇ ਕਾਗਜ਼ ’ਤੇ ਜੋ ਭਰੋਸਾ ਲਿਖਿਆ ਹੁੰਦਾ ਹੈ ਉਹ ਅਧਿਆਪਕ ਦੇ ਹੌਂਸਲੇ ਤੋਂ ਹੀ ਮਿਲਦਾ ਹੈ।"