ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਮੈਂਬਰਾਂ ਨੇ ਫੂਕੀਆਂ ਬਜਟ ਦੀਆਂ ਕਾਪੀਆਂ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ
Publish Date: Fri, 13 Mar 2026 06:02 PM (IST)
Updated Date: Sat, 14 Mar 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਦਿੱਤੇ ਸੱਦੇ ਮੁਤਾਬਕ ਫ਼ਰਦ ਕੇਂਦਰ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਵਿੱਚ ਠੇਕੇ ਅਤੇ ਆਉਟਸੋਰਸ ਮੁਲਾਜ਼ਮਾਂ ਸਬੰਧੀ ਕੋਈ ਢੁੱਕਵੀਂ ਪਾਲਿਸੀ ਨਾ ਬਣਾਉਣ ਤੇ ਹੱਕੀ ਮੰਗਾਂ ਨੂੰ ਅਣਡਿੱਠਾ ਕਰਨ ਦੇ ਵਿਰੋਧ ’ਚ ਪੰਜਾਬ ਦੀਆਂ ਸਮੂਹ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿੱਚ ਬਜਟ ਦੀਆਂ ਕਾਪੀਆਂ ਸਾੜ ਤਿੱਖਾ ਰੋਸ ਮੁਜ਼ਾਹਰਾ ਕੀਤਾ। ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਫ਼ਰਦ ਕੇਂਦਰ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਹਰਦੀਪ ਚਕੇਰੀਆ, ਮੀਤ ਪ੍ਰਧਾਨ ਕਰਮਜੀਤ ਸਿੰਘ ਭੀਖੀ, ਸਕੱਤਰ ਸੇਵਕ ਸਿੰਘ ਜੋਗਾ ਅਤੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਠੇਕੇ ਤੇ ਆਉਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ’ਚ ਠੇਕੇ ’ਤੇ ਆਉਟਸੋਰਸ ਮੁਲਾਜ਼ਮਾਂ ਲਈ ਕੋਈ ਸਪੱਸ਼ਟ ਪਾਲਿਸੀ ਨਾ ਬਣਾ ਕੇ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਤੋਂ ਪੱਲਾ ਝਾੜ ਲਿਆ ਹੈ, ਜਿਸ ਕਾਰਨ ਠੇਕਾ ਤੇ ਆਉਟਸੋਰਸ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫ਼ਰਦ ਕੇਂਦਰ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਮਾਨਸਾ ਦੀਆਂ ਸਮੂਹ ਤਹਿਸੀਲਾਂ ਅਤੇ ਸਬ-ਤਹਿਸੀਲਾਂ ’ਚ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਰਮਨਦੀਪ ਸਿੰਘ, ਖਜ਼ਾਨਚੀ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਕਰਮਜੀਤ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਕੌਰ, ਸੁਖਦੀਪ ਕੌਰ, ਸੁਖਵੀਰ ਸਿੰਘ ਆਦਿ ਮੁਲਾਜ਼ਮ ਵੀ ਹਾਜ਼ਰ ਸਨ।