ਮਜੀਠੀਆ ਖ਼ਿਲਾਫ਼ ਕੂੜ ਪ੍ਰਚਾਰ ਝੂਠਾ ਸਾਬਤ ਹੋਇਆ : ਭੂੰਦੜ
ਭਗਵੰਤ ਮਾਨ ਆਪਣੇ ਕਾਰਜਕਾਲ ਦੌਰਾਨ
Publish Date: Fri, 06 Feb 2026 06:45 PM (IST)
Updated Date: Sat, 07 Feb 2026 04:06 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸੂਬਾ ਸਰਕਾਰ ਆਪਣੇ ਕਾਰਜਕਾਲ ਦੌਰਾਨ ਹਰ ਫ਼ਰੰਟ ਤੇ ਫੇਲ੍ਹ ਹੋਣ ਉਪਰੰਤ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲਗਾਤਾਰ ਵਿਰੋਧੀ ਆਗੂਆਂ ਨੂੰ ਨਿਸ਼ਾਨੇ ‘ਤੇ ਲੈ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਲਈ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾ ਕੇ ਉਨ੍ਹਾਂ ’ਤੇ ਪਰਚੇ ਦਰਜ ਕਰ ਕੇ ਜ਼ੇਲ੍ਹ ਵਿੱਚ ਭੇਜ ਕੇ ਆਪਣੀ ਸਿਆਸੀ ਰੰਜਿਸ਼ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਬੀਤੇ ਸਾਲਾਂ ਵਿੱਚ ਉਸ ਦੇ ਦਰਜਨਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ ਤੇ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ‘ਤੇ ਕੀਤੇ ਗਏ ਝੂਠੇ ਪਰਚਿਆਂ ਕਰਕੇ ਸਰਕਾਰ ਦਾ ਗ੍ਰਾਫ਼ ਲਗਾਤਾਰ ਡਿੱਗਿਆ ਹੈ। ਸਰਕਾਰ ਨੂੰ ਜਿੱਥੇ ਕਾਨੂੰਨ ਦੀਆਂ ਅਦਾਲਤਾਂ ਵਿੱਚ ਨਮੋਸ਼ੀ ਝੱਲਣੀ ਪਈ ਹੈ, ਉੱਥੇ ਹੀ ਲੋਕਾਂ ਦੀ ਅਦਾਲਤ ਵਿਚ ਵੀ ਇਨ੍ਹਾਂ ਝੂਠੀਆਂ ਤੇ ਬਦਲਾਖੋਰੀ ਦੀਆਂ ਕਾਰਵਾਈਆਂ ਕਰਕੇ ਇਖਲਾਕੀ ਤੌਰ ’ਤੇ ਜਵਾਬਦੇਹੀ ਦੇਣ ਵਿੱਚ ਫੇਲ੍ਹ ਸਾਬਤ ਹੋਏ ਹਨ। ਭੂੰਦੜ ਨੇ ਕਿਹਾ ਕਿ ਸਰਕਾਰ ਬਣਨ ਦੇ ਸਮੇਂ ਤੋਂ ਲੈ ਕੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਕੂੜ ਪ੍ਰਚਾਰ ਕਰਨ ਦੀ ਕੋਈ ਕਸਰ ਨਹੀ ਛੱਡੀ ਪਰ ਸਭ ਕੁਝ ਝੂਠਾ ਸਾਬਤ ਹੋਇਆ ਹੈ। ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਸੂਬੇ ਵਿੱਚ ਮਨੋਬਲ ਵਧਿਆ ਹੈ । ਸੋਢੀ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਇਸਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰ੍ਹੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਸਿਆਸੀ ਵਿਰੋਧੀਆਂ ਦੀ ਕਿਰਦਾਰ ਕੁਸ਼ੀ ਕਰਨ ਵਿੱਚ ਸਮਾਂ ਖ਼ਰਾਬ ਕਰਨਾ ਚਾਹੀਦਾ ਹੈ। ਹੁਣ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਨੂੰ ਚਲਦੇ ਕਰਨ ਦਾ ਮਨ ਬਣਾ ਲਿਆ ਹੈ।