ਕੌਮੀ ਮਾਰਗ 703 ਦੀ ਖ਼ਸਤਾ ਹਾਲਤ ਕਾਰਨ ਵਾਪਰ ਰਹੇ ਨੇ ਹਾਦਸੇ
ਸਰਦੂਲਗੜ੍ਹ ਮਾਨਸਾ ਹੋ ਕੇ ਜਾਂਦੇ ਕੌਮੀ
Publish Date: Fri, 24 Apr 2026 06:25 PM (IST)
Updated Date: Sat, 25 Apr 2026 04:10 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ ਮਾਨਸਾ ਹੋ ਕੇ ਜਾਂਦੇ ਕੌਮੀ ਮਾਰਗ -703 ਦੀ ਝੁਨੀਰ ਤੋਂ ਸਰਦੂਲਗੜ੍ਹ ਤੱਕ ਦੀ ਹਾਲਤ ਬਹੁਤ ਹੀ ਖ਼ਸਤਾ ਹਾਲਤ ਹੋ ਚੁੱਕੀ ਹੈ। ਸੜਕ ‘ਤੇ ਥਾਂ-ਥਾਂ ਬਣੇ ਡੂੰਘੇ ਖੱਡੇ ਵਾਹਨ ਚਾਲਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਅਤੇ ਹਰ ਰੋਜ਼ ਹਾਦਸਿਆਂ ਦਾ ਖਤਰਾ ਵਧਾ ਰਹੇ ਹਨ। ਸੜਕ ‘ਤੇ ਆਵਾਜਾਈ ਕਰਨ ਵਾਲੇ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੇ-ਵੱਡੇ ਟੋਏ ਪੈਣ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚਣ ਦੇ ਨਾਲ ਨਾਲ ਕਈ ਮਾਮਲਿਆਂ ਵਿੱਚ ਜਾਨੀ ਨੁਕਸਾਨ ਵੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਭੰਮੇ ਕਲਾਂ ਤੋਂ ਸਰਦੂਲਗੜ੍ਹ ਤੱਕ ਇਸ ਸੜਕ ਦੇ ਮੁਰੰਮਤ ਕੰਮ ਲਈ ਟੈਂਡਰ ਜਾਰੀ ਕੀਤਾ ਗਿਆ ਸੀ। ਭੰਮੇ ਤੋਂ ਝੁਨੀਰ ਤੱਕ ਦਾ ਕੰਮ ਤਾਂ ਪੂਰ੍ਹਾ ਕਰ ਦਿੱਤਾ ਗਿਆ, ਪਰ ਉਸ ਤੋਂ ਅੱਗੇ ਦਾ ਕੰਮ ਠੰਢੇ ਮੌਸਮ ਦਾ ਹਵਾਲਾ ਦੇ ਕੇ ਰੋਕ ਦਿੱਤਾ ਗਿਆ ਸੀ। ਹੁਣ ਮੌਸਮ ਸੁਧਰ ਜਾਣ ਦੇ ਬਾਵਜੂਦ ਵੀ ਲੰਬੇ ਸਮੇਂ ਤੋਂ ਇਹ ਕੰਮ ਮੁੜ ਸ਼ੁਰੂ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਜਿਹੇ ਠੇਕੇਦਾਰਾਂ ਨੂੰ ਕੰਮ ਕਿਉਂ ਦਿੱਤਾ ਜਾਂਦਾ ਹੈ ਜੋ ਨਿਰਧਾਰਤ ਸਮੇਂ ਵਿੱਚ ਕੰਮ ਪੂਰਾ ਨਹੀਂ ਕਰਦੇ। ਲੋਕਾਂ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀ ਠੇਕੇਦਾਰ ਨਾਲ ਮਿਲੀ ਭੁਗਤ ਕਰ ਇਸ ਕੰਮ ਨੂੰ ਠੰਢੇ ਬਸਤੇ ਵਿੱਚ ਪਾ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਬੰਧਿਤ ਬੀਐਂਡਆਰ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਤੁਰੰਤ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਦਿਕਤਾਂ ਤੋਂ ਰਾਹਤ ਮਿਲ ਸਕੇ।
-ਬਾਕਸ-
-ਵਿਭਾਗ ਦਾ ਪੱਖ ਜਾਣਨ ਦੀ ਕੀਤੀ ਕੋਸ਼ਿਸ਼
ਇਸ ਸਬੰਧੀ ਜਦੋਂ ਬੀਐਂਡਆਰ ਵਿਭਾਗ ਦੇ ਐਕਸੀਅਨ ਨਾਲ ਗੱਲ ਕਰਨੀ ਚਾਹੀ ਤਾਂ ਉਹ ਠੇਕੇਦਾਰ ਦਾ ਪੱਖ ਪੂਰਦੇ ਜਾਪੇ। ਉਨ੍ਹਾਂ ਨਾਲ ਹੀ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਇਸ ਕੰਮ ਨੂੰ ਸ਼ੁਰੂ ਕਰਵਾ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਇਹ ਕੰਮ ਸ਼ੁਰੂ ਹੁੰਦਾ ਹੈ ਤੇ ਕਦੋਂ ਨੇਪਰੇ ਚੜਦਾ ਹੈ ਜਾਂ ਇਸੇ ਤਰ੍ਹਾਂ ਹੀ ਮਿਲੀ ਭੁਗਤ ਨਾਲ ਕੰਮ ਅੱਗੇ ਵੀ ਲਟਕਦਾ ਰਹੇਗਾ ਤੇ ਲੋਕ ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਦੇ ਰਹਿਣਗੇ ।