- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੇ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੇ 29ਵੇਂ ਕਲਾ ਕਿਤਾਬ ਮੇਲੇ ਦੇ ਦੂਜੇ ਦਿਨ ਦੋ ਮਹੱਤਵਪੂਰਨ ਨਾਟਕਾਂ ਦਾ ਮੰਚਨ ਹੋਇਆ। ਸਭ ਤੋਂ ਪਹਿਲਾਂ ਫ਼ਰੀਦਕੋਟ ਨਾਲ ਸੰਬੰਧਿਤ ਨੌਜਵਾਨ ਰਜਿੰਦਰ ਬੁਲਟ ਦੀ ਸੰਸਥਾ ‘ਫ਼ਿਰਦੌਸ ਰੰਗਮੰਚ, ਫਰੀਦਕੋਟ’ ਵੱਲੋਂ ‘ਨਗਰ ਖੇੜਾ’ ਨਾਟਕ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਬਰਨਾਲਾ ਸ਼ਹਿਰ ਦੇ ਨੌਜਵਾਨ ਦਿਲਪ੍ਰੀਤ ਚੌਹਾਨ ਦੀ ਨਿਰਦੇਸ਼ਨਾ ਹੇਠ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖੇ ਨਾਟਕ ‘ਉਸ ਨੂੰ ਕਹੀਂ’ ਦਾ ਮੰਚਨ ਕੀਤਾ ਗਿਆ। ਦੋਵੇਂ ਨਾਟਕ ਯੁੱਧ ਦੇ ਵੱਖ-ਵੱਖ ਪਰਿਪੇਖਾਂ ਨਾਲ ਜੁੜੇ ਹੋਏ ਸਨ। ਜਿੱਥੇ ‘ਨਗਰ ਖੇੜਾ’ ਨਾਟਕ ਫ਼ਲਸਤੀਨ ਵਿੱਚ ਕੀਤੇ ਉਜਾੜੇ ਅਤੇ ਦਰਿੰਦਗੀ ਦੀ ਭਾਵਪੂਰਤ ਪੇਸ਼ਕਾਰੀ ਕਰਦਾ ਹੈ, ਉੱਥੇ ਦਿਲਪ੍ਰੀਤ ਚੌਹਾਨ ਦਾ ਨਾਟਕ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਪ੍ਰਸੰਗ, ਖ਼ਾਸ ਕਰਕੇ ਪੰਜਾਬ ਦੇ ਸੰਦਰਭ ਵਿੱਚ ਮਨੁੱਖੀ ਮਨੋਵਿਗਿਆਨ ਦੀਆਂ ਵੱਖ-ਵੱਖ ਪਰਤਾਂ ਨੂੰ ਸਾਹਮਣੇ ਲਿਆਉਂਦਾ ਹੈ। ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਨੈਬ ਮੰਘਾਣੀਆ, ਕੁਲਦੀਪ ਚੌਹਾਨ ਅਤੇ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਸਵੇਰ ਦੇ ਸੈਸ਼ਨ ਵਿੱਚ ‘ਮਾਹੀ ਮੇਰਾ ਗਿਆ ਲਾਮ ਨੂੰ’ ਸਿਰਲੇਖ ਹੇਠ ਸੰਗੀਤ, ਨਾਟ ਅਤੇ ਨਾਚ ਰੂਪਕ ਪੇਸ਼ ਕੀਤਾ ਗਿਆ। ਇਸ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਪੰਜਾਬੀ ਨੌਜਵਾਨਾਂ ਦੀ ਅੰਗਰੇਜ਼ੀ ਫੌਜ ਵਿੱਚ ਭਰਤੀ, ਉਨ੍ਹਾਂ ਦੀ ਮੌਤ ਜਾਂ ਅਪਾਹਜ ਹੋ ਕੇ ਘਰ ਵਾਪਸੀ ਅਤੇ ਉਸ ਸੰਤਾਪ ਨੂੰ ਪੰਜਾਬ ਦੀਆਂ ਔਰਤਾਂ ਵੱਲੋਂ ਆਪਣੇ ਮਨ ਅਤੇ ਦੇਹ ‘ਤੇ ਸਹੇ ਜਾਣ ਦੀ ਪੀੜ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਰੂਪਕ ਦੀ ਕੋਆਰਡੀਨੇਸ਼ਨ ਪਰਮਿੰਦਰ ਪੈਮ ਨੇ ਕੀਤੀ ਅਤੇ ਪ੍ਰਮੁੱਖ ਕਲਾਕਾਰਾਂ ਵਿੱਚ ਪ੍ਰਵੀਨ ਸ਼ਰਮਾ, ਗੁਰਵਿੰਦਰ ਗਿੰਦੂ, ਕਰਮਜੀਤ ਰਿੰਪੀ, ਸੰਦੀਪ ਸੋਖਲ ਅਤੇ ਮਹਿਨਾਜ਼ ਅਤੇ ਹੋਰ ਅਦਾਕਾਰ ਸ਼ਾਮਲ ਸਨ। ਉੱਘੇ ਸੰਗੀਤਕਾਰ ਜੋਗਿੰਦਰ ਗਿੰਦੇ ਦਾ ਇਸ ਰੂਪਕ ਦਾ ਸੰਗੀਤ ਤਿਆਰ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ’ਵਰਸਿਟੀ ਪਟਿਆਲਾ ਦੇ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕੀਤੀ। ਟਿੱਪਣੀਕਾਰ ਵਜੋਂ ਡਾ. ਚਰਨਜੀਤ ਕੌਰ ਬਰਾੜ ਨੇ ਮਹੱਤਵਪੂਰਨ ਨੁਕਤਿਆਂ ‘ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਹੁਣ ਉਹ ਦੌਰ ਹੈ ਜਦੋਂ ਔਰਤਾਂ ਨੂੰ ਆਪਣੀ ਹੋਂਦ ਲਈ ਲੜਨਾ ਪਵੇਗਾ ਅਤੇ ਜੰਗਾਂ ਚਲਾਉਣ ਵਾਲੇ ਹਾਕਮਾਂ ਨੂੰ ਚੇਤਾਵਨੀ ਦੇਣੀ ਪਵੇਗੀ ਕਿ ਸਾਡੀ ਕੁੱਖ ਤੇ ਸਾਡਾ ਹੱਕ ਹੈ। ਜੇਕਰ ਉਹ ਸਾਡੇ ਬੱਚਿਆਂ ਨੂੰ ਜੰਗਾਂ ਵਿੱਚ ਮਰਵਾਉਂਦੇ ਹਨ ਤਾਂ ਅਸੀਂ ਉਨ੍ਹਾਂ ਲਈ ਬੱਚਿਆਂ ਨੂੰ ਜਨਮ ਨਹੀਂ ਦੇਵਾਂਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ਼ ਪੰਜਾਬ ਦੀਆਂ ਔਰਤਾਂ ਦੀ ਲੜਾਈ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਸਾਮਰਾਜੀ ਤਾਕਤਾਂ ਖ਼ਿਲਾਫ਼ ਔਰਤਾਂ ਨੂੰ ਆਪਣੀ ਕੁੱਖ ਅਤੇ ਆਪਣੇ ਪੁੱਤ ਨੂੰ ਬਚਾਉਣ ਲਈ ਲੜਨਾ ਪਵੇਗਾ। ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਲੋਕਾਂ ਨੂੰ ਜੰਗ ਵਰਗੇ ਗੰਭੀਰ ਮਸਲਿਆਂ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ, ਪਰ ਸਾਨੂੰ ਇਸ ਤੋਂ ਅੱਗੇ ਵਧ ਕੇ ਵੱਡੇ ਪੱਧਰ ‘ਤੇ ਅਮਨ ਲਈ ਮੁਹਿੰਮ ਚਲਾਉਣ ਦੀ ਲੋੜ ਹੈ। ਸੈਸ਼ਨ ਦਾ ਆਗਾਜ਼ ਅਸ਼ੋਕ ਬਾਂਸਲ ਵੱਲੋਂ ਮਹਿਮਾਨਾਂ ਦੇ ਸਵਾਗਤ ਨਾਲ ਹੋਇਆ, ਜਦਕਿ ਗੁਰਮੇਲ ਕੌਰ ਜੋਸ਼ੀ ਨੇ ਧੰਨਵਾਦ ਪ੍ਰਗਟਾਇਆ। ‘ਸਿਰਜਨਾ ਦੇ ਰੰਗ’ ਤਹਿਤ ਰਸੂਲਪੁਰੀ ਦੇ ਕਵੀਸ਼ਰੀ ਜੱਥੇ ਨੇ ਸਵਰਨ ਧਾਲੀਵਾਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰਦਿਆਂ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਨੌਜਵਾਨਾਂ ਦਾ ਇਕ ਮਹੱਤਵਪੂਰਨ ਸੈਸ਼ਨ ਹੋਇਆ, ਜਿਸ ਵਿੱਚ ਪੰਜ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਵਿਦਿਆਰਥੀ ਆਗੂ ਨਵਕਿਰਨ, ਨੱਤ, ਅਧਿਆਪਕ ਨਰਿੰਦਰ ਕੌਰ, ਫਿਲਮ ਮੇਕਰ ਮੋਹਨ ਔਲਖ, ਵਿੱਕੀਮੀਡੀਅਨ ਗੁਰਲਾਲ ਮਾਨ ਅਤੇ ਭੁਪਿੰਦਰ ਫੌਜੀ ਸ਼ਾਮਲ ਸਨ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤੀ, ਜਦਕਿ ਸੰਚਾਲਨ ਗੁਰਦੀਪ ਢਿੱਲੋਂ ਨੇ ਬਹੁਤ ਸੁਚੱਜੇ ਅਤੇ ਤਰਕਸੰਗਤ ਢੰਗ ਨਾਲ ਕੀਤਾ। ਸੈਸ਼ਨ ਦਾ ਧੰਨਵਾਦ ਪ੍ਰਸਿੱਧ ਰੰਗਕਰਮੀ ਸੁਪਨਦੀਪ ਨੇ ਕੀਤਾ। ਇਸ ਸੈਸ਼ਨ ਵਿਚ ਇਹਨਾਂ ਨੌਜਵਾਨਾਂ ਨੇ ਫਿਲਮਾਂ, ਸਾਹਿਤ, ਮੀਡੀਆ ਅਤੇ ਪੱਤਰਕਾਰਤਾ ਦੇ ਹਵਾਲੇ ਨਾਲ ਜੰਗ ਦੇ ਪਾਸਾਰਾਂ ਤੇ ਚਰਚਾ ਕੀਤੀ। ਰਾਤ ਦੇ ਸੈਸ਼ਨ ਵਿੱਚ ਤਿੰਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਡਾ. ਸੰਤੋਖ ਸੁਖੀ ਵੱਲੋਂ ਆਪਣੇ ਪਿਤਾ ਸ੍ਰੀ ਫਕੀਰੀਆ ਰਾਮ ਦੀ ਯਾਦ ਵਿੱਚ ‘ਪੰਡਿਤ ਪੂਰਨ ਚੰਦ ਯਾਦਗਾਰੀ ਅਵਾਰਡ’ ਸਵਰਨ ਸਿੰਘ ਧਾਲੀਵਾਲ ਨੂੰ ਭੇਂਟ ਕੀਤਾ ਗਿਆ, ਜਿਨ੍ਹਾਂ ਨੇ ਪੰਜਾਬ ਦੀ ਇਨਕਲਾਬੀ ਗਾਇਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ‘ਮਾਨਸਾ ਦਾ ਮਾਣ ਐਵਾਰਡ’ ਨੌਜਵਾਨ ਚਿੰਤਕ ਗੁਰਦੀਪ ਢਿੱਲੋਂ ਨੂੰ ਦਿੱਤਾ ਗਿਆ, ਜੋ ਸ੍ਰੀ ਜਗਜੀਤ ਵਾਲੀਆ ਵੱਲੋਂ ਆਪਣੇ ਦਾਦਾ ਸੁਤੰਤਰਤਾ ਸੈਨਾਨੀ ਰਜਿੰਦਰ ਸਿੰਘ ਵਾਲੀਆ ਦੀ ਯਾਦ ਵਿੱਚ ਭੇਂਟ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ‘ਸਿਰਜਨਾਤਮਕ ਅਧਿਆਪਕ ਅਵਾਰਡ’ ਮਿਹਨਤੀ ਅਤੇ ਜ਼ਹੀਨ ਅਧਿਆਪਕਾ ਬਲਜਿੰਦਰ ਕੌਰ ਨੂੰ ਭੇਟ ਕੀਤਾ ਗਿਆ, ਜੋ ਡਾ. ਚਰਨਜੀਤ ਸਿੰਘ ਵੱਲੋਂ ਆਪਣੇ ਪਿਤਾ ਕਰਮ ਸਿੰਘ ਰਿਉਂਦ ਕਲਾਂ ਦੀ ਯਾਦ ’ਚ ਦਿੱਤਾ ਜਾਂਦਾ ਹੈ। ਰਾਤ ਦੇ ਸੈਸ਼ਨ ਵਿਚ ਪ੍ਰਭਜੋਤ ਕੌਰ ਨੇ ਕਵਿਤਾ ‘ਜੰਗ ਦਾ ਜਸ਼ਨ’ ਦੀ ਪੇਸ਼ਕਾਰੀ ਰਾਹੀਂ ਕਈ ਸਵਾਲ ਖੜ੍ਹੇ ਕੀਤੇ। ਰਾਤ ਦੇ ਸੈਸ਼ਨ ਦੀ ਪ੍ਰਧਾਨਗੀ ਮੇਘ ਰਾਜ ਰੱਲਾ, ਜਗਰਾਜ ਸਿੰਘ ਅਤੇ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਕੀਤੀ। ਵੱਖ ਵੱਖ ਸੈਸ਼ਨਾਂ ਦੇ ਮੰਚ ਸੰਚਾਲਕਾਂ ਦੇ ਰੂਪ ਵਿਚ ਜਗਜੀਵਨ ਆਲੀਕੇ, ਸੰਤੋਖ ਸਾਗਰ, ਗੁਰਦੀਪ ਗਾਮੀਵਾਲਾ ਨੇ ਬਾਖੂਬੀ ਸੰਚਾਲਨ ਕੀਤਾ। ਰਾਤ ਦੇ ਸ਼ੈਸ਼ਨ ਦੀ ਸਮਾਂ ਰੌਸ਼ਨ ਕਰਨ ਦੀ ਰਸਮ 1965 ਅਤੇ 1971 ਦੀ ਜੰਗ ਲੜਨ ਵਾਲੇ ਫੋਜੀ ਪਿਆਰਾ ਸਿੰਘ ਨੇ ਨਿਭਾਈ। ਮੇਲੇ ਦੇ ਵੱਖ ਵੱਖ ਸੈਸ਼ਨ ਵਿਚ ਰਾਜ ਜੋਸ਼ੀ, ਸੁਭਾਸ਼ ਬਿੱਟੂ, ਸੰਦੀਪ ਘੰਡ, ਡਾ. ਜਨਕ ਰਾਜ, ਲਖਵਿੰਦਰ ਮੂਸਾ, ਭੁਪਿੰਦਰ ਦਾਸ, ਕ੍ਰਿਸ਼ਨ ਚੌਹਾਨ, ਹਰਜੀਵਨ ਸਰਾਂ, ਗੁਰਪ੍ਰੀਤ ਸਿੰਘ, ਪਰਮਿੰਦਰ ਪੈਮ, ਪਰਵੀਨ ਸ਼ਰਮਾ, ਖੁਸ਼ਦੀਪ ਸਿੰਘ ਨੇ ਭਾਗ ਲਿਆ।