- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਸੁਧਾਰ ਸਭਾ ਨੇ ਸ਼ਹਿਰ ਵਿੱਚ ਕੂੜੇ-ਕਚਰੇ

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਬੁਢਲਾਡਾ ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰਾਂ ਦਾ ਮਾਮਲਾ ਭਖਣ ਲੱਗਿਆ ਹੈ। ਨਗਰ ਸੁਧਾਰ ਸਭਾ ਨੇ ਸ਼ਹਿਰ ਵਿੱਚ ਕੂੜੇ ਦੀ ਗੰਦਗੀ ਦੇ ਢੇਰਾਂ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੇ ਛੇਤੀ ਮਸਲਾ ਹੱਲ ਨਾ ਕੀਤਾ ਤਾਂ ਸ਼ਹਿਰ ਦੇ ਲੋਕਾਂ ਅਤੇ ਵੱਖ ਵੱਖ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢੇਗੀ। ਸੰਸਥਾ ਨੇ ਸੀਨੀਅਰ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਅਤੇ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਸ਼ਹਿਰ ਦੇ ਲੋਕ ਤਕਰੀਬਨ ਇੱਕ ਮਹੀਨੇ ਤੋਂ ਨਰਕ ਵਾਲੇ ਮਾਹੌਲ ਵਿੱਚ ਰਹਿ ਰਹੇ ਹਨ। ਨਗਰ ਕੌਂਸਲ ਅਤੇ ਪ੍ਰਸ਼ਾਸਨ ਤਮਾਸ਼ਬੀਨ ਬਣਿਆ ਬੈਠਾ ਹੈ। ਸੱਤਾਧਾਰੀ ਧਿਰ ਵੀ ਗੱਲਾਂ ਬਾਤਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਹੀ। ਦੂਜੇ ਪਾਸੇ ਕੂੜੇ-ਕਚਰੇ ਦੇ ਆਰਜ਼ੀ ਡੰਪ ਵਾਲੀ ਥਾਂ ਉੱਪਰ ਦੋ ਤਿੰਨ ਵਾਰਡਾਂ ਦੇ ਵਾਸੀਆਂ ਨੇ ਲਗਾਤਾਰ ਦਿਨ ਰਾਤ ਦਾ ਧਰਨਾ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕੋਲ ਆਪਣੀ ਮਾਲਕੀ ਵਾਲੀਆਂ ਜ਼ਮੀਨਾਂ ਹਨ ਪਰ ਇਨ੍ਹਾਂ ਜ਼ਮੀਨਾਂ ’ਤੇ ਅਸਰ ਰਸੂਖ ਵਾਲੇ ਸਖਸ਼ਾਂ ਨੇ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਜਾਇਦਾਦਾਂ ’ਤੇ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਦੀਆਂ ਸਰਕਾਰਾਂ ਸਮੇਂ ਤੋਂ ਨਾਜਾਇਜ਼ ਕਬਜ਼ਾ ਚੱਲਿਆ ਆ ਰਿਹਾ ਹੈ ਅਤੇ ਮੌਜੂਦਾ ‘ਆਪ’ ਦੇ ਰਾਜ ਭਾਗ ਵਿੱਚ ਨਜਾਇਜ਼ ਕਬਜ਼ਾ ਪਹਿਲਾਂ ਵਾਂਗ ਕਾਇਮ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਨਗਰ ਕੌਂਸਲ ਦੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ਾ ਹਟਾਉਣ ਦੀ ਬਜਾਏ ਧਰਨੇ 'ਤੇ ਬੈਠੇ ਲੋਕਾਂ ਨੂੰ ਧਮਕਾ ਰਹੇ ਹਨ, ਜੋ ਕਿ ਸਰਾਸਰ ਗਲਤ ਅਤੇ ਨਿੰਦਣਯੋਗ ਹੈ। ਜੇਕਰ ਪ੍ਰਸ਼ਾਸਨ ਅਜਿਹਾ ਰਵੱਈਆ ਅਪਣਾਉਂਦਾ ਹੈ ਤਾਂ ਸ਼ਹਿਰ ਦਾ ਮਾਹੌਲ ਖਰਾਬ ਹੋ ਜਾਵੇਗਾ,ਜਿਸ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗੀ। ਸ਼ਹਿਰ ਦੀਆਂ ਸੜਕਾਂ ਸਬੰਧੀ ਕੇਂਦਰ ਸਰਕਾਰ ਵੱਲੋਂ 7 ਕਰੋੜ ਤੋਂ ਵੱਧ ਰਾਸ਼ੀ ਨਗਰ ਕੌਂਸਲ ਬੁਢਲਾਡਾ ਵਿੱਚ ਆਈ ਹੋਈ ਹੈ।
ਪਤਾ ਲੱਗਾ ਹੈ ਕਿ ਨਗਰ ਕੌਂਸਲ ਨੇ ਇਸ ਸਬੰਧੀ ਇੱਕੋ ਹੀ ਟੈਂਡਰ ਲਗਾ ਦਿੱਤਾ ਹੈ ਜੋ ਕਿ ਵੱਡੀ ਰਕਮ ਦਾ ਹੋਣ ਕਰ ਕੇ ਕਿਸੇ ਠੇਕੇਦਾਰ ਜਾਂ ਏਜੰਸੀ ਨੇ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦਾ ਵੇਰਵਾ ਪਾ ਕੇ ਕਈ ਟੈਂਡਰ ਪਾਏ ਜਾਣ, ਜੋ ਕਿ ਸੁਭਾਵਿਕ ਹੈ ਘੱਟ ਰਾਸ਼ੀ ਦੇ ਪੈਣਗੇ ਅਤੇ ਹਰ ਇੱਕ ਠੇਕੇਦਾਰ ਦੀ ਪਹੁੰਚ ਵਿੱਚ ਹੋਣਗੇ। ਆਗੂਆਂ ਨੇ ਕਿਹਾ ਕਿ ਨਗਰ ਸੁਧਾਰ ਸਭਾ ਆਗਾਮੀ ਨਗਰ ਕੌਂਸਲ ਚੋਣਾਂ ਵਿੱਚ ਸੱਚੇ ਸੁੱਚੇ ਇਮਾਨਦਾਰ ਅਤੇ ਸਰਬ ਸਾਂਝੇ ਵਿਅਕਤੀਆਂ ਨੂੰ ਸਰਬ ਸੰਮਤੀ ਨਾਲ ਮਿਉਂਸਪਲ ਕਮਿਸ਼ਨਰ (ਐਮ.ਸੀ.) ਚੁਣਨ ਸਬੰਧੀ ਸਾਰੇ ਵਾਰਡਾਂ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ਵਿੱਚ ਸੰਸਥਾ ਦਾ ਸ਼ਹਿਰਵਾਸੀਆਂ ਨੂੰ ਇਹੋ ਸੁਨੇਹਾ ਹੋਵੇਗਾ ਕਿ ਬਿਨਾਂ ਕਿਸੇ ਖਰਚੇ ਅਤੇ ਧੜੇਬੰਦੀ ਤੋਂ ਸਰਬ ਸਾਂਝੇ ਐੱਮਸੀ ਚੁਣੇ ਜਾਣ ਅਤੇ ਅਜਿਹੇ ਐਮ.ਸੀ.ਸ਼ਹਿਰ ਨੂੰ ਤਰੱਕੀ ਅਤੇ ਵਿਕਾਸ ਦੇ ਰਾਹ ਤੇ ਲੈ ਕੇ ਜਾਣ। ਇਸ ਮੌਕੇ ਨਗਰ ਸੁਧਾਰ ਸਭਾ ਦੇ ਆਗੂਆਂ ਅਵਤਾਰ ਸਿੰਘ ਔਲਖ, ਮਾ.ਰਘੁਨਾਥ ਸਿੰਗਲਾ ਅਤੇ ਹਰਦਿਆਲ ਸਿੰਘ ਦਾਤੇਵਾਸ ਨੇ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਦਾ ਢੁਕਵਾਂ ਹੱਲ ਕੀਤਾ ਜਾਵੇ, ਨਸ਼ਿਆਂ ਸਮੇਤ ਮੈਡੀਕਲ ਨਸ਼ੇ ਨੂੰ ਠੱਲ੍ਹ ਪਾਈ ਜਾਵੇ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਨਗਰ ਕੌਂਸਲ ਸਮੇਤ ਵੱਖ ਵੱਖ ਦਫ਼ਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ, ਅਵਾਰਾਗਰਦੀ- ਗੁੰਡਾਗਰਦੀ ਅਤੇ ਚੋਰੀ ਲੁੱਟ-ਖੋਹ ਦੀ ਵਾਰਦਾਤਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ।