ਜੀਵਨ ਦੀ ਰਾਹ ਰੁਸ਼ਨਾਉਣ ਵਾਲਾ ਦੀਵਾ ਹੈ ਆਤਮ ਗਿਆਨ
ਮਨੁੱਖੀ ਜੀਵਨ ਇੱਕ ਅਜਿਹੀ ਯਾਤਰਾ
Publish Date: Sat, 11 Apr 2026 07:16 PM (IST)
Updated Date: Sun, 12 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਨੁੱਖੀ ਜੀਵਨ ਇੱਕ ਅਜਿਹੀ ਯਾਤਰਾ ਹੈ, ਜਿਸ ਵਿੱਚ ਕਈ ਉਤਰਾਅ ਚੜਾਅ, ਖੁਸ਼ੀਆਂ ਅਤੇ ਗਮ ਆਉਂਦੇ ਰਹਿੰਦੇ ਹਨ। ਇਸ ਯਾਤਰਾ ਨੂੰ ਸਹੀ ਦਿਸ਼ਾ ਦੇਣ ਲਈ ਮਨੁੱਖ ਨੂੰ ਇੱਕ ਅਜਿਹੀ ਰੌਸ਼ਨੀ ਦੀ ਲੋੜ ਹੁੰਦੀ ਹੈ, ਜੋ ਹਰ ਤਰ੍ਹਾਂ ਦੇ ਹਨੇਰੇ ਵਿਚ ਰਾਹ ਦਿਖਾ ਸਕੇ। ਸੁਰੱਈਆ (ਖੱਤਰੀਵਾਲਾ) ਈਟੀਟੀ ਅਧਿਆਪਕਾ ਨੇ ਇਹ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਇਹ ਰੌਸ਼ਨੀ ਹੈ-ਆਤਮ ਗਿਆਨ ਦੀ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਉੱਚਾ ਅਤੇ ਗਹਿਰਾ ਗਿਆਨ ਆਤਮ ਗਿਆਨ ਨੂੰ ਮੰਨਿਆ ਜਾਂਦਾ ਹੈ ।ਸਧਾਰਨ ਸ਼ਬਦਾਂ ਵਿੱਚ ਆਤਮ ਗਿਆਨ ਦਾ ਅਰਥ ਹੁੰਦਾ ਹੈ ਆਪਣੇ ਆਪ ਨੂੰ ਜਾਨਣਾ, ਆਪਣੀਆਂ ਅਸਲੀ ਪਹਿਚਾਣ, ਆਪਣੀ ਸੋਚ, ਆਪਣੀਆਂ ਭਾਵਨਾਵਾਂ, ਇੱਛਾਵਾਂ ਅਤੇ ਜੀਵਨ ਦੇ ਉਦੇਸ਼ ਨੂੰ ਸਮਝਣਾ। ਧਨ, ਦੌਲਤ, ਸ਼ੋਹਰਤ ਅਤੇ ਆਰਾਮਦਾਇਕ ਸਹੂਲਤਾਂ ਭਰੀ ਜ਼ਿੰਦਗੀ ਦੀ ਲਾਲਸਾ ਵਿੱਚ ਮਨੁੱਖ ਆਪਣੀ ਅੰਦਰੂਨੀ ਸ਼ਾਂਤੀ ਨੂੰ ਗੁਆ ਬੈਠਾ ਹੈ। ਪਰ ਸੱਚ ਇਹ ਹੈ ਕਿ ਅਸਲੀ ਖੁਸ਼ੀ ਬਾਹਰੀ ਵਸਤੂਆਂ ਵਿੱਚ ਨਹੀਂ, ਸਗੋਂ ਮਨ ਦੀ ਸ਼ਾਂਤੀ ਅਤੇ ਸੰਤੁਸ਼ਟੀ ਵਿੱਚ ਮਿਲਦੀ ਹੈ, ਜੋ ਸਾਨੂੰ ਸਿਰਫ਼ ਆਤਮ ਗਿਆਨ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਤਮ ਗਿਆਨ ਦੀ ਪ੍ਰਾਪਤੀ ਲਈ ਸਭ ਤੋਂ ਪਹਿਲੀ ਸ਼ਰਤ ਮਨੁੱਖ ਨੂੰ ਆਪਣੇ ਆਪ ਨਾਲ ਸੱਚਾ ਹੋਣਾ ਪੈਣਾ ਹੈ, ਆਪਣੇ ਗੁਣਾਂ ਅਤੇ ਔਗੁਣਾਂ ਨੂੰ ਸਵੀਕਾਰ ਕਰਨਾ ਪੈਣਾ ਹੈ ਪਰ ਅਜਿਹਾ ਕਰਨਾ ਆਸਾਨ ਨਹੀਂ ਹੁੰਦਾ। ਜਦੋਂ ਅਸੀਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਪਛਾਣ ਲੈਂਦੇ ਹਾਂ ਤਾਂ ਉਨ੍ਹਾਂ ਨੂੰ ਦੂਰ ਕਰਨ ਦਾ ਰਸਤਾ ਵੀ ਖੁੱਲ੍ਹ ਜਾਂਦਾ ਹੈ । ਇੰਨ੍ਹਾਂ ਗੁਣਾਂ ਕਰਕੇ ਮਨੁੱਖ ਇਕ ਚੰਗਾ ਇਨਸਾਨ ਬਣ ਕੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਆਤਮ ਗਿਆਨ ਮਨੁੱਖ ਨੂੰ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਤੀ ਪ੍ਰਦਾਨ ਕਰਦਾ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਆਤਮ ਗਿਆਨ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਪ੍ਰਕਾਸ਼ ਹੈ ਇਹ ਮਨੁੱਖ ਨੂੰ ਆਪਣੇ ਆਪ ਨਾਲ ਜੋੜਨ ਦੇ ਨਾਲ- ਨਾਲ ਸਮਾਜ ਅਤੇ ਦੁਨੀਆ ਨਾਲ ਗਹਿਰਾਈ ਨਾਲ ਜੋੜਦਾ ਹੈ । ਇਸ ਲਈ ਹਰ ਮਨੁੱਖ ਨੂੰ ਰੋਜ਼ਾਨਾ ਆਪਣੇ ਲਈ ਸਮਾਂ ਕੱਢ ਕੇ, ਆਪਣੇ ਅੰਦਰ ਝਾਤ ਮਾਰ ਕੇ ਆਤਮ ਗਿਆਨ ਦੀ ਯਾਤਰਾ ਤੇ ਅੱਗੇ ਵਧਣਾ ਚਾਹੀਦਾ ਹੈ। ਇਸ ਤਰ੍ਹਾਂ ਕਰਕੇ ਹੀ ਅਸੀਂ ਆਪਣੇ ਜੀਵਨ ਵਿੱਚ ਆਪਣੇ ਆਤਮ ਗਿਆਨ ਦੇ ਇਸ ਦੀਵੇ ਨੂੰ ਹੋਰ ਪ੍ਰਕਾਸ਼ਮਾਨ ਬਣਾ ਸਕਦੇ ਹਾਂ।