ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿੱਚ ਮਨਾਇਆ ਵਿਸਾਖੀ ਦਾ ਤਿਉਹਾਰ
ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ
Publish Date: Wed, 15 Apr 2026 06:12 PM (IST)
Updated Date: Thu, 16 Apr 2026 04:04 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸਾਹ, ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਲਿਆਂਦੇ ਜਾਣ ਨਾਲ ਹੋਈ ਅਤੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੂਹਾਨੀ ਕੀਰਤਨ ਸ਼ਬਦਾਂ ਰਾਹੀਂ ਹਾਜ਼ਰੀ ਭਰੀ ਗਈ, ਜਿਸ ਨਾਲ ਸਾਰਾ ਵਾਤਾਵਰਣ ਭਗਤੀਮਈ ਬਣ ਗਿਆ। ਵਿਦਿਆਰਥੀਆਂ ਵੱਲੋਂ ਵਿਸਾਖੀ ਨਾਲ ਸੰਬੰਧਿਤ ਕਵਿਤਾਵਾਂ ਅਤੇ ਭਾਸ਼ਣ ਵੀ ਪੇਸ਼ ਕੀਤੇ ਗਏ। ਬੱਚਿਆਂ ਨੇ ਆਪਣੇ ਵਿਚਾਰਾਂ ਰਾਹੀਂ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਤੇ ਚਾਨਣਾ ਪਾਇਆ ਅਤੇ ਖਾਲਸਾ ਪੰਥ ਦੀ ਸਾਜਨਾ ਦੇ ਇਸ ਮਹਾਨ ਦਿਵਸ ਨੂੰ ਯਾਦ ਕੀਤਾ। ਇਸ ਮੌਕੇ ਤੇ ਦਸਤਾਰ ਬੰਦੀ ਅਤੇ ਪੱਗ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਹ ਮੁਕਾਬਲੇ ਦੋ ਵਰਗਾਂ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਵੰਡੇ ਗਏ। ਦੋਵਾਂ ਗਰੁੱਪਾਂ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸਾਹ ਨਾਲ ਭਾਗ ਲਿਆ ਅਤੇ ਸੁੰਦਰ ਦਸਤਾਰਾਂ ਸਜਾ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਰਾਹੀਂ ਬੱਚਿਆਂ ਨੂੰ ਪੱਗ ਦੀ ਮਹਾਨਤਾ ਅਤੇ ਇਸ ਦੀ ਸੰਸਕ੍ਰਿਤਿਕ ਹੋਂਦ ਬਾਰੇ ਜਾਣੂ ਕਰਵਾਇਆ ਗਿਆ। ਅੰਤ ਵਿੱਚ ਪੰਜਾਬੀ ਅਧਿਆਪਕ ਲਵਪ੍ਰੀਤ ਸਿੰਘ ਵੱਲੋਂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ, ਇਸ ਦੇ ਮਨਾਉਣ ਦੇ ਤਰੀਕੇ ਅਤੇ ਸਿੱਖ ਇਤਿਹਾਸ ਨਾਲ ਇਸਦੇ ਗਹਿਰੇ ਸੰਬੰਧ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦਮਦਮਾ ਸਾਹਿਬ ਵਿਖੇ ਵਿਸਾਖੀ ਮਨਾਉਣ ਦੇ ਇਤਿਹਾਸਕ ਕਾਰਣਾਂ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ। ਅੰਤ ਵਿੱਚ ਪ੍ਰਿੰਸੀਪਲ ਹਰਪ੍ਰੀਤ ਕੌਰ ਵੱਲੋਂ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਮੁਕਾਬਲਿਆਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਹੌਸਲਾ ਵਧਾਇਆ ਗਿਆ। ਇਹ ਸਮਾਰੋਹ ਬੱਚਿਆਂ ਲਈ ਸਿੱਖਿਆਤਮਕ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ, ਜਿਸ ਰਾਹੀਂ ਉਨ੍ਹਾਂ ਨੂੰ ਵਿਸਾਖੀ ਦੇ ਧਾਰਮਿਕ, ਸੰਸਕ੍ਰਿਤਿਕ ਅਤੇ ਇਤਿਹਾਸਕ ਮਹੱਤਵ ਬਾਰੇ ਪੂਰੀ ਜਾਣਕਾਰੀ ਮਿਲੀ।