ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦਾ ਨਿਕਲ ਚੁੱਕਾ ਹੈ ਜਨਾਜ਼ਾ : ਡਾ. ਰਣਵੀਰ ਕੌਰ
ਹਾੜ੍ਹੀ ਦੀ ਫ਼ਸਲ ਨੂੰ ਲੈ ਕੇ ਸਰਕਾਰ ਵੱਲੋਂ
Publish Date: Fri, 17 Apr 2026 06:26 PM (IST)
Updated Date: Sat, 18 Apr 2026 04:07 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਹਾੜ੍ਹੀ ਦੀ ਫ਼ਸਲ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ’ਤੇ ਸਵਾਲ ਕਰਦਿਆਂ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਰਣਵੀਰ ਕੌਰ ਮੀਆਂ ਵੱਲੋਂ ਪਿੰਡ ਰੱਲੀ ਦੇ ਖ਼ਰੀਦ ਕੇਂਦਰ ਵਿਖੇ ਕਿਸਾਨਾਂ ਦਾ ਹਾਲਚਾਲ ਪੁੱਛਿਆ ਗਿਆ। ਜਿੱਥੇ ਖ੍ਰੀਦ ਕੇਂਦਰ ’ਚ ਮੌਜੂਦ ਕਿਸਾਨ ਜੀਵਨ ਸਿੰਘ, ਗੁਰਪਰਮ ਸਿੰਘ ਸਿੰਘ, ਗੁਰਦਾਸ ਸਿੰਘ, ਗੁਰਜੰਟ ਸਿੰਘ, ਗਮਦੂਰ ਸਿੰਘ, ਗੁਰਚੇਤ ਸਿੰਘ, ਸੁਖਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 1 ਹਫ਼ਤੇ ਤੋਂ ਆਪਣੀ ਫ਼ਸਲ ਨੂੰ ਖ਼ਰੀਦ ਕੇਂਦਰ ‘ਚ ਵੇਚਣ ਲਈ ਆਏ ਹੋਏ ਹਨ, ਪਰ ਇੱਥੇ ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦਾ ਬੁਰੀ ਤਰ੍ਹਾਂ ਜਨਾਜ਼ਾ ਨਿਕਲ ਚੁੱਕਿਆ ਹੈ। ਇਸ ਮੌਕੇ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਜਿੱਥੇ ਪਹਿਲਾ ਮੌਸਮ ਨਾਲ ਨਜਿਠਦਿਆਂ ਆਪਣੀ ਫ਼ਸਲ ਨੂੰ ਸਾਂਭਦਾ ਸਾਂਭਦਾ ਮੰਡੀਆਂ ਅੰਦਰ ਲੈ ਕੇ ਆਉਂਦਾ ਹੈ। ਫ਼ਿਰ ਉਸਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਕਿਸਾਨੀ ਦੇ ਰਖਵਾਲੇ ਵਜੋਂ ਦਮਗਜ਼ੇ ਮਾਰਨ ਵਾਲੇ ਮੁੱਖ ਮੰਤਰੀ ਅੱਜ ਮੰਡੀਆਂ ਵਿੱਚ ਆ ਕੇ ਦੁੱਖ ਸੁਣਨ ਲਈ ਵੀ ਤਿਆਰ ਨਹੀਂ ਹਨ। ਸਰਕਾਰ ਵੱਲੋਂ ਭਾਵੇਂ 1 ਅਪ੍ਰੈਲ ਤੋਂ ਖ੍ਰੀਦ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅੱਜ 16 ਦਿਨ ਬੀਤਣ ਦੇ ਬਾਵਜੂਦ ਕਿਸਾਨਾਂ ਦਾ ਇੱਕ ਵੀ ਦਾਣਾ ਖ਼ਰੀਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਲਈ ਮੰਡੀਆਂ ਅੰਦਰ ਬੁਨਿਆਦੀ ਸਹੂਲਤਾਂ ਜਾਂ ਖ੍ਰੀਦ ਪ੍ਰਬੰਧਾਂ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਤਾਂ ਕਾਂਗਰਸ ਪਾਰਟੀ ਕਿਸਾਨਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਅਜੀਤ ਸਿੰਘ ਬਖਸ਼ੀਵਾਲਾ, ਸਾਬਕਾ ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਦਰਸ਼ਨ ਸਿੰਘ ਗੁਰਨੇ, ਗੁਰਪਰਮ ਸਿੰਘ ਰੱਲੀ ਤੋਂ ਇਲਾਵਾ ਵਰਕਰ, ਕਿਸਾਨ ਅਤੇ ਮਜਦੂਰ ਮੌਜੂਦ ਸਨ।