- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਸ ਮੇਲੇ ਦੀ ਸੱਭਿਆਚਾਰਕ ਸਟੇਜ ਉਸ ਸਮੇਂ ਪੂਰੀ

-ਮੇਲੇ ’ਚ ਪ੍ਰਬੰਧਾਂ ਦੀ ਘਾਟ ਕਰਾਨ ਵੈਰੀਕੇਡਾਂ ’ਤੇ ਹੋਈ ਧੱਕਾ-ਮੁੱਕੀ ਤੇ ਟੁੱਟੀਆਂ ਕੁਰਸੀਆਂ, ਪੁਲਿਸ ਬੇਵੱਸ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸਰਸ ਮੇਲੇ ‘ਚ ਮਸ਼ਹੂਰ ਗਾਇਕ ਆਰ ਨੇਤ ਨੇ ਆਪਣੀ ਦਮਦਾਰ ਗਾਇਕੀ ਰਾਹੀਂ ਜਿੱਥੇ ਸਰੋਤਿਆਂ ਨੂੰ ਨੱਚਣ ਲਗਾ ਦਿੱਤਾ, ਉਥੇ ਹੀ ਵੱਡੀ ਗਿਣਤੀ ’ਚ ਪਹੁੰਚੇ ਗਾਇਕ ਆਰ ਨੇਤ ਦੇ ਪ੍ਰਸ਼ੰਸਕਾਂ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ ਫੇਲ੍ਹ ਹੋਏ ਦਿਖਾਈ ਦਿੱਤੇ। ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੂੰ ਕਾਬੂ ਕਰਨਾ ਪੁਲਿਸ ਲਈ ਵੀ ਮੁਸ਼ਕਿਲ ਹੋ ਗਿਆ। ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਵੀ ਹਾਲਾਤ ’ਤੇ ਕਾਬੂ ਪਾਉਣ ਵਿੱਚ ਬੇਵੱਸ ਨਜ਼ਰ ਆਏ। ਭੀੜ ਦੌਰਾਨ ਸ਼ਰਾਬੀਆਂ ਨੇ ਹੁੱਲੜਬਾਜ਼ੀ ਕਰਦਿਆਂ ਵੈਰੀਕੇਡ ਵੀ ਤੋੜ ਦਿੱਤੇ ਅਤੇ ਵੱਡੀ ਗਿਣਤੀ ’ਚ ਕੁਰਸੀਆਂ ਵੀ ਤੋੜੀਆਂ। ਪਰਿਵਾਰਕ ਮੈਂਬਰਾਂ ਨਾਲ ਟਿਕਟਾਂ ਖ਼ਰੀਦ ਕੇ ਸ਼ੋਅ ਦੇਖਣ ਆਏ ਦਰਸ਼ਕਾਂ ਨੇ ਗਾਇਕ ਆਰ ਨੇਤ ਦੇ ਦੋ ਕੁ ਗੀਤ ਸੁਣਨ ਦੇ ਬਾਅਦ ਹੀ ਉਥੋਂ ਆਪਣੇ ਚਾਲੇ ਘਰਾਂ ਨੂੰ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਨਿਰਾਸ਼ ਦਿਖੇ। ਇੰਨ੍ਹੇ ਵੱਡੇ ਇਕੱਠ ਅੱਗੇ ਪ੍ਰਸ਼ਾਸਨਕ ਅਤੇ ਪੁਲਿਸ ਪ੍ਰਸ਼ਾਸਨ ਦੇ ਕੀਤੇ ਪ੍ਰਬੰਧ ਨਾ ਕਾਫ਼ੀ ਰਹੇ।
ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਦੀ ਰਾਤ ਨੂੰ ਪੰਜਾਬੀ ਗਾਇਕ ਆਰ ਨੇਤ ਨੇ ਮਾਨਸਾ ਦੇ ਸਰਸ ਮੇਲੇ ’ਚ ਆਪਣੇ ਗੀਤਾਂ ਦਾ ਜਲਵਾ ਦਿਖਾਉਣ ਆਉਣਾ ਸੀ ਤਾਂ ਸਵੇਰ ਤੋਂ ਹੀ ਦਰਸ਼ਕਾਂ ਨੇ ਟਿਕਟਾਂ ਖ਼ਰੀਦਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ਵੀ ਹੋਣਾ ਸ਼ੁਰੂ ਹੋ ਗਿਆ। ਆਰ ਨੇਤ, ਪੰਜਾਬੀ ਸੰਗੀਤ ਜਗਤ ਦੇ ਉਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਗੀਤਾਂ ਵਿੱਚ ਅਕਸਰ ਜੀਵਨ ਦੇ ਸੰਘਰਸ਼ ਅਤੇ ਸੱਚਾਈਆਂ ਦਾ ਜ਼ਿਕਰ ਹੁੰਦਾ ਹੈ। ਰਾਤ ਨੂੰ ਜਦ ਹੀ ਗਾਇਕ ਆਰ ਨੇਤ ਨੇ ਆਪਣੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਆਰ ਨੇਤ ਨੇ ਇੱਕ ਦੇ ਬਾਅਦ ਇੱਕ, ਆਪਣੇ ਅਨੇਕਾਂ ਮਕਬੂਲ ਗੀਤ ਜਿਵੇਂ ਡਿਫ਼ਾਲਟਰ, ਦੱਬਦਾ ਕਿੱਥੇ ਹੈ, ਗਿੱਧਾ, ਰੀਲਾਂ ਵਾਲਾ ਡੈਕ, ਮਜ਼ਾਕ ਥੋੜ੍ਹੀ ਆ, ਗ਼ੈਰਾਂ ਦੀ ਕੌਫੀ , ਡਿਸਟੈਂਸ , ਐਨਕਾਂ ਆਦਿ ਗੀਤ ਗਾਏ।
ਇਸ ਦੌਰਾਨ ਮੀਰਾ ਨੇ ਵੀ ਆਰ ਨੇਤ ਨਾਲ ਸਟੇਜ਼ ਸਾਂਝੀ ਕੀਤੀ ਅਤੇ ਲੋਕਾਂ ਦਾ ਪਿਆਰ ਬਟੋਰਿਆ। ਆਰ ਨੇਤ ਨੇ ਕਿਹਾ ਕਿ ਅਜਿਹੇ ਮੇਲੇ ਸਾਡੀ ਅਮੀਰ ਵਿਰਾਸਤ ਨੂੰ ਜਿਊਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਧਰ ਇਸ ਸ਼ੋਅ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਨਵਜੋਤ ਕੌਰ, ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਏ.ਡੀ.ਸੀ ਆਕਾਸ਼ ਬਾਂਸਲ, ਮੁੱਖ ਮੰਤਰੀ ਫੀਲਡ ਅਫਸਰ ਡਾ. ਗੁਰਲੀਨ ਕੌਰ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਗਾਇਕ ਆਰ ਨੇਤ ਨੂੰ ਉਨ੍ਹਾਂ ਦੀ ਬਿਹਤਰੀਨ ਗਾਇਕੀ ਅਤੇ ਸੱਭਿਆਚਾਰਕ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
-ਬਾਕਸ-
-ਸ਼ਰਾਬੀਆਂ ਨੇ ਕੀਤੀ ਹੁੱਲੜਬਾਜ਼ੀ, ਟਿਕਟਾਂ ਖ਼ਰੀਦ ਕੇ ਸ਼ੋਅ ’ਚ ਆਏ ਪਰਿਵਾਰਾਂ ਦੇ ਮੈਂਬਰ ਨਿਰਾਸ਼ ਪਰਤੇ
ਭਾਵੇਂ ਆਰ ਨੇਤ ਦੇ ਗੀਤਾਂ ‘ਤੇ ਦਰਸ਼ਕ ਝੂਮ ਉੱਠੇ, ਪਰ ਵੱਡੀ ਗਿਣਤੀ ਉਨ੍ਹਾਂ ਦਰਸ਼ਕਾਂ ਨੂੰ ਮਾਯੂਸ ਵੀ ਹੋਣਾ ਪਿਆ, ਜਿਨ੍ਹਾਂ ਨੇ ਟਿਕਟਾਂ ਖ਼ਰੀਦੀਆਂ ਹੋਈਆਂ ਸਨ ਅਤੇ ਕੁਰਸੀਆਂ ਤੇ ਬੈਠੇ ਉਨ੍ਹਾਂ ਅਜੇ ਦੋ ਕੁ ਗੀਤ ਹੀ ਸੁਣੇ ਤਾਂ ਵੈਰੀਕੇਡਾਂ ਕੋਲ ਖੜ੍ਹੀ ਭੀੜ ਨੇ ਵੈਰੀਗੇਡਾਂ ਨੂੰ ਧੱਕਣਾ ਸ਼ੁਰੂ ਕਰ ਦਿੱਤਾ। ਔਰਤਾਂ ਦੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ। ਇਸ ਦੌਰਾਨ ਪੁਲਿਸ ਮੁਲਾਜ਼ਮ ਬੇਬਸ ਹੋ ਗਏ ਤੇ ਮੁਲਾਜ਼ਮਾਂ ਦੇ ਦੇਖਦੇ ਹੀ ਦੇਖਦੇ ਲੋਕਾਂ ਨੇ ਵੈਰੀਕੇਡ ਦਿੱਤੇ। ਇਸ ਦੌਰਾਨ ਸ਼ੋਅ ਦੇਖਣ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਈਆਂ ਔਰਤਾਂ ਪਹਿਲਾਂ ਹੀ ਧੱਕਾ-ਮੁੱਕੀ ਦੇਖਦਿਆਂ ਆਪਣੀਆਂ ਜ਼ਿਆਦਾਤਰ ਸੀਟਾਂ ਛੱਡ ਕੇ ਘਰਾਂ ਨੂੰ ਜਾਂਦੀਆਂ ਦਿਖਾਈ ਦਿੱਤੀਆਂ। ਸ਼ੋਅ ਦੇਖਣ ਆਏ ਗੁਰਿੰਦਰ ਸਿੰਘ, ਰਾਜ ਕੁਮਾਰ, ਸੁਖਪਾਲ, ਹਰਮਨ, ਦੀਪ ਰਾਣੀ ਦਾ ਆਖਣਾ ਸੀ ਕਿ ਇੰਨੀ ਭੀੜ ਹੋਈ, ਪਰ ਪ੍ਰਬੰਧਾਂ ‘ਚ ਢਿੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਆਈਆਂ ਔਰਤਾਂ ਆ ਕੇ ਮੁਸ਼ਕਿਲ ‘ਚ ਫ਼ਸ ਗਈਆਂ ਹਨ। ਕੁੱਝ ਔਰਤਾਂ ਦਾ ਆਖਣਾ ਸੀ ਕਿ ਕੁਝ ਸ਼ਰਾਬੀ ਅਨਸਰਾਂ ਵੱਲੋਂ ਹੁੱਲੜਬਾਜ਼ੀ ਕਰਨ ਨਾਲ ਅਜਿਹਾ ਮਾਹੌਲ ਹੋ ਗਿਆ ਹੈ। ਟਿਕਟਾਂ ਖ਼ਰੀਦ ਉਹ ਤਾਂ ਇਸ ਸ਼ੋਅ ਦਾ ਆਨੰਦ ਮਾਣਨ ਆਈਆਂ ਸਨ, ਪਰ ਇੱਥੇ ਕੁਰਸੀਆਂ ’ਤੇ ਬੈਠਣਾ ਮਸ਼ਕਿਲ ਹੋ ਗਿਆ।
-ਬਾਕਸ-
-ਐਤਵਾਰ ਨੂੰ ਸ਼ੋਅ ਦੌਰਾਨ ਪਿੱਛੇ ਵਾਲੀਆਂ ਨਹੀਂ ਲਗਾਈਆਂ ਕੁਰਸੀਆਂ
ਇਸ ਦੇ ਬਾਅਦ ਐਤਵਾਰ ਨੂੰ ਜਦ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਸਰਸ ਮੇਲੇ ’ਚ ਦੌਰਾ ਕੀਤਾ ਗਿਆ ਤਾਂ ਉਥੇ ਟੁੱਟੀਆਂ ਕੁਰਸੀਆਂ ਇਕੱਠੀਆਂ ਕਰਕੇ ਵਿਅਕਤੀ ਢੇਰ ਲਗਾ ਰਹੇ ਸਨ ਅਤੇ ਕੁਰਸੀਆਂ ਦਾ ਇਧਰ ਉਧਰ ਡਿੱਗੀਆਂ ਜਾਂ ਟੁੱਟੀਆਂ ਹੀ ਦਿਖਾਈ ਦਿੱਤੀਆਂ। ਕੁੱਝ ਲੋਕਾਂ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਵੱਲੋਂ ਰਾਤ ਹੁੱਲੜਬਾਜ਼ੀ ਕੀਤੀ ਗਈ ਹੈ, ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਗਾਇਕ ਹਰਜੀਤ ਹਰਮਨ ਦੇ ਸ਼ੋਅ ਦੌਰਾਨ ਆਮ ਲੋਕਾਂ ਲਈ ਕੁਰਸੀਆਂ ਹੀ ਚੁੱਕ ਦਿੱਤੀਆਂ ਗਈਆਂ ਹਨ ਅਤੇ ਹੁਣ ਸਿਰਫ਼ ਅੱਗੇ ਹੀ ਕੁਰਸੀਆਂ ਲਗਾਈਆਂ ਜਾਣਗੀਆਂ। ਭਾਵੇਂ ਲੋਕਾਂ ਵੱਲੋਂ ਟਿਕਟਾਂ ਖ਼ਰੀਦੀਆਂ ਹੀ ਗਈਆਂ ਹਨ।