ਇਨਫੋਰਸਮੈਂਟ ਟੀਮ ਵੱਲੋਂ ਸਿਲੰਡਰਾਂ ਦੀ ਗ਼ੈਰਕਾਨੂੰਨੀ ਵਰਤੋਂ ਖ਼ਿਲਾਫ਼ ਚੈਕਿੰਗ
ਸਹਾਇਕ ਖੁਰਾਕ ਅਤੇ ਸਪਲਾਈ ਅਫਸਰ
Publish Date: Wed, 11 Feb 2026 06:11 PM (IST)
Updated Date: Thu, 12 Feb 2026 04:03 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਹਾਇਕ ਖੁਰਾਕ ਅਤੇ ਸਪਲਾਈ ਅਫ਼ਸਰ ਸੁਖਦੇਵ ਸਿੰਘ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੇਲਜ਼ ਅਫ਼ਸਰ ਸੰਚਿਤ ਸ਼ਰਮਾ ਦੀ ਅਗਵਾਈ ਹੇਠ ਸੰਯੁਕਤ ਇਨਫ਼ੋਰਸਮੈਂਟ ਟੀਮ ਵੱਲੋਂ ਸ਼ਹਿਰ ਮਾਨਸਾ ਵਿੱਚ ਘਰੇਲੂ ਐਲਪੀਜੀ ਸਿਲੰਡਰਾਂ ਦੀ ਗੈਰਕਾਨੂੰਨੀ ਵਪਾਰਕ ਵਰਤੋਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਸਥਾਨਾਂ ਦੀ ਵਿਸਤ੍ਰਿਤ ਤੇ ਅਚਾਨਕ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਈ ਵਪਾਰਕ ਇਕਾਈਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਉਦੇਸ਼ਾਂ ਲਈ ਵਰਤੋਂ ਕਰਨੀ ਸਾਬਤ ਹੋਈ, ਜੋ ਕਿ ਐਲਪੀਜੀ (ਰੈਗੂਲੇਸ਼ਨ ਆਫ਼ ਸਪਲਾਈ ਐਂਡ ਡਿਸਟ੍ਰਿਬਿਊਸ਼ਨ) ਆਰਡਰ, 2000 ਅਤੇ ਇਸ ਅਧੀਨ ਜਾਰੀ ਸਰਕਾਰੀ ਨਿਯਮਾਂ ਦੀ ਘੋਰ ਉਲੰਘਣਾ ਹੈ। ਅਜਿਹੀ ਗੈਰਕਾਨੂੰਨੀ ਕਾਰਵਾਈ ਸਰਕਾਰ ਵੱਲੋਂ ਆਮ ਗ੍ਰਾਹਕਾਂ ਲਈ ਦਿੱਤੀ ਸਬਸਿਡੀ ਦਾ ਦੁਰਉਪਯੋਗ ਦੇ ਨਾਲ ਨਾਲ ਸਰਕਾਰੀ ਖ਼ਜ਼ਾਨੇ ਨੂੰ ਸਿੱਧਾ ਆਰਥਿਕ ਨੁਕਸਾਨ ਪਹੁੰਚਾਉਂਦੀ ਹੈ। ਚੈਕਿੰਗ ਦੌਰਾਨ ਹੋਰ ਦੁਕਾਨਦਾਰਾਂ ਅਤੇ ਵਪਾਰਕ ਇਕਾਈਆਂ ਨੂੰ ਸਪਸ਼ਟ ਤੌਰ ’ਤੇ ਚੇਤਾਵਨੀ ਦਿੱਤੀ ਗਈ ਕਿ ਘਰੇਲੂ ਐੱਲਪੀਜੀ ਸਿਲੰਡਰਾਂ ਦੀ ਵਪਾਰਕ ਵਰਤੋਂ ਕਾਨੂੰਨਨ ਅਪਰਾਧ ਹੈ ਅਤੇ ਭਵਿੱਖ ਵਿੱਚ ਅਜਿਹੀ ਉਲੰਘਣਾ ਪਾਈ ਜਾਣ ’ਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੇਲਜ਼ ਅਫ਼ਸਰ ਸੰਚਿਤ ਸ਼ਰਮਾ ਨੇ ਕਿਹਾ ਕਿ ਘਰੇਲੂ ਗੈਸ ਸਿਲੰਡਰ ਸਿਰਫ਼ ਘਰੇਲੂ ਵਰਤੋਂ ਲਈ ਹਨ ਅਤੇ ਵਪਾਰਕ ਕਾਰਜਾਂ ਲਈ ਕੇਵਲ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਕਰਨੀ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਇਨਫ਼ੋਰਸਮੈਂਟ ਮੁਹਿੰਮਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਛੂਟ ਨਹੀਂ ਦਿੱਤੀ ਜਾਵੇਗੀ।