ਸਾਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਕਰਵਾਈ 8ਵੀਂ ਵਿਚਾਰ ਚਰਚਾ
ਸਰਕਾਰੀ ਪ੍ਰਾਇਮਰੀ ਸਕੂਲ ਸੱਦਾ ਸਿੰਘ ਵਾਲ਼ਾ
Publish Date: Mon, 05 Jan 2026 05:41 PM (IST)
Updated Date: Tue, 06 Jan 2026 04:03 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਰਕਾਰੀ ਪ੍ਰਾਇਮਰੀ ਸਕੂਲ ਸੱਦਾ ਸਿੰਘ ਵਾਲ਼ਾ,ਜ਼ਿਲ੍ਹਾ ਮਾਨਸਾ ਵਿਖੇ ਦੇਸ਼ ਦੀ ਪਹਿਲੀ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਅੱਠਵੀਂ ਸਲਾਨਾ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਡਾ. ਜਸਵੰਤ ਰਾਏ ਜ਼ਿਲ੍ਹਾ ਖੋਜ ਅਫ਼ਸਰ ਹੁਸ਼ਿਆਰਪੁਰ ਅਤੇ ਮਨਪ੍ਰੀਤ ਮਹਿਨਾਜ਼, ਸਹਾਇਕ ਪ੍ਰੋਫ਼ੈਸਰ, ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਅਤੇ ਪਹੁੰਚੇ ਹੋਏ ਸਰੋਤਿਆਂ ਵੱਲੋਂ ਮਾਤਾ ਸਾਵਿਤਰੀ ਬਾਈ ਫੂਲੇ ਦੀ ਸਕੂਲ ਚ ਬਣੀ ਯਾਦਗਾਰ ਨੂੰ ਸਤਿਕਾਰ ਦੇ ਫੁੱਲ ਭੇਟ ਕਰਨ ਨਾਲ਼ ਕੀਤੀ ਗਈ। ਇਸ ਉਪਰੰਤ ਜੀ ਆਇਆਂ ਨੂੰ ਸਮਾਜਿਕ ਕਾਰਕੁੰਨ ਹਰਿੰਦਰ ਮਾਨਸ਼ਾਹੀਆ ਵਲੋਂ ਕਿਹਾ ਗਿਆ। ਬੁਲਾਰੇ ਡਾ. ਜਸਵੰਤ ਰਾਏ ਵੱਲੋਂ ਸਾਵਿੱਤਰੀ ਬਾਈ ਫੂਲੇ ਦੇ ਜੀਵਨ ਸੰਘਰਸ਼ ਤੇ ਗੱਲ ਰੱਖੀ ਗਈ। ਉਨ੍ਹਾਂ ਦੱਸਿਆ ਕਿ ਸਾਵਿਤਰੀ ਬਾਈ ਫੂਲੇ ਦਾ ਵਿਆਹ 10 ਸਾਲਾਂ ਦੀ ਬਾਲ ਉਮਰ ਵਿੱਚ ਜੋਤੀਬਾ ਫੂਲੇ ਨਾਲ਼ ਕਰ ਦਿੱਤਾ ਗਿਆ, ਜਿਨ੍ਹਾਂ ਦੀ ਖ਼ੁਦ ਹੀ ਉਮਰ ਉਸ ਸਮੇਂ 14 ਸਾਲ ਸੀ। ਉਨ੍ਹਾਂ ਕਾਲ਼ੇ ਸਮਿਆਂ ਦੌਰਾਨ ਜਦੋਂ ਔਰਤਾਂ ਦੀ ਪੜ੍ਹਾਈ ਕਰਵਾਉਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਸੀ, ਫੂਲੇ ਜੋੜੀ ਨੇ ਆਪਣੀ ਸਾਰੀ ਉਮਰ ਔਰਤਾਂ ਦੀ ਸਿੱਖਿਆ ਅਤੇ ਬ੍ਰਾਹਮਣਵਾਦ, ਪਿੱਤਰਸੱਤਾ ਅਤੇ ਮਨੁੱਖ ਵਿਰੋਧੀ ਕਦਰਾਂ-ਕੀਮਤਾਂ ਖ਼ਿਲਾਫ਼ ਸੰਘਰਸ਼ ਕਰਨ ਨੂੰ ਸਮਰਪਿਤ ਕਰ ਦਿੱਤੀ। ਸਾਵਿੱਤਰੀ ਬਾਈ ਫੂਲੇ ਨੇ ਜੋਤੀਬਾ ਫੂਲੇ, ਫ਼ਾਤਿਮਾ ਸ਼ੇਖ, ਸਗੁਨਾ ਬਾਈ ਦੇ ਨਾਲ਼ ਮਿਲ਼ ਕੇ ਪੂਨੇ ਅਤੇ ਉਸ ਦੇ ਆਸੇ-ਪਾਸੇ 18 ਸਕੂਲ ਖੋਲ੍ਹੇ। ਜੀਵਨ ਅਤੇ ਸੰਘਰਸ਼ ਦੇ ਸਾਥੀ ਜੋਤੀਬਾ ਫੂਲੇ ਦੀ ਮੌਤ ਬਾਅਦ ਵੀ ਉਹ ਆਪਣੀ ਮੁਹਿੰਮ ਵਿੱਚ ਲੱਗੀ ਰਹੀ। ਆਪਣੇ ਜੀਵਨ ਦੇ ਆਖ਼ਰੀ ਦਿਨਾਂ ਦੌਰਾਨ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੂਨੇ ਵਿੱਚ ਫੈਲੀ ਪਲੇਗ ਤੋਂ ਪੀੜ੍ਹਤ ਲੋਕਾਂ ਦੀ ਸਾਂਭ-ਸੰਭਾਲ ਕਰਨ ਵਿੱਚ ਲੱਗੇ ਹੋਏ ਸਨ। ਇਸੇ ਦੌਰਾਨ ਉਹ ਖ਼ੁਦ ਵੀ ਪਲੇਗ ਦੀ ਲਪੇਟ ’ਚ ਆ ਗਏ। ਇਸ ਬਿਮਾਰੀ ਕਾਰਨ 10 ਮਾਰਚ 1897 ਨੂੰ ਇਸ ਮਹਾਨ ਨਾਇਕਾ ਨੇ ਆਖ਼ਰੀ ਸਾਹ ਲਿਆ। ਦੂਸਰੇ ਬੁਲਾਰੇ ਮਨਪ੍ਰੀਤ ਮਹਿਨਾਜ ਨੇ ਅਜੋਕੇ ਸਮੇਂ ਔਰਤਾਂ ਨੂੰ ਆਪਣੀ ਸਮਾਜਿਕ ਪਰਿਵਾਰਕ ਜ਼ਿੰਦਗੀ ਵਿੱਚ ਦਰਪੇਸ਼ ਚੁਣੌਤੀਆਂ ਅਤੇ ਇੰਨ੍ਹਾਂ ਚੁਣੌਤੀਆਂ ਨੂੰ ਨਜਿੱਠਣ ਲਈ ਸਾਵਿੱਤਰੀ ਬਾਈ ਫੂਲੇ ਜਿਹੀਆਂ ਨਾਇਕਾਵਾਂ ਦੇ ਜੀਵਨ ਤੇ ਸੰਘਰਸ਼ ਤੋਂ ਸੇਧ ਲੈਣ ਦੀ ਗੱਲ ਕੀਤੀ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਵਲੋਂ ਔਰਤ ਵੇਦਨਾ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਸੋਲੋ ਨਾਟਕ ਚਿੜੀਆਂ ਦਾ ਚੰਬਾ ਖੇਡਿਆ ਗਿਆ। ਨਰਗਿਸ ਦੀ ਅਦਾਕਾਰੀ ਨੇ ਸਰੋਤਿਆਂ ਨੂੰ ਕੋਈ ਲਿਆ।ਇਸ ਮੌਕੋ ਤੇ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਅੰਤ ’ਚ ਸਕੂਲ ਮੁਖੀ ਅਮੋਲਕ ਡੇਲੂਆਣਾ ਵੱਲੋਂ ਅਗਲੇ ਸਾਲ ਤੇ ਫੇਰ ਨੌਵੀਂ ਵਿਚਾਰ ਕਰਨ ਦਾ ਵਾਅਦਾ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਸਿੱਧ ਕਹਾਣੀਕਾਰ ਸਾਂਵਲ ਧਾਮੀ, ਸੁਖਦਰਸ਼ਨ ਨੱਤ, ਸਿਕੰਦਰ ਘਰਾਗਣਾਂ, ਕੁਲਵਿੰਦਰ ਬੱਛੋਆਣਾ, ਗੁਰਲਾਲ ਗੁਰਨੇ, ਜੁਗਰਾਜ ਸਿੰਘ, ਗੁਰਪਿਆਰ ਕੋਟਲੀ, ਪ੍ਰੋ਼. ਕੁਮਾਰ ਸ਼ੁਸ਼ੀਲ, ਡਾ.ਸੰਦੀਪ ਸਿੰਘ, ਹਰਦੀਪ ਸਿੱਧੂ, ਮੈਡਮ ਅੱਕੀ ਦੇਵੀ, ਕੁਲਵੰਤ ਕੌਰ, ਗੁਰਪ੍ਰੀਤ ਕੌਰ , ਕੁਲਵਿੰਦਰ ਕੌਰ, ਸੁਮਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ/ਅਧਿਆਪਕਾਵਾਂ ਤੇ ਪਿੰਡ ਵਾਸੀ ਹਾਜ਼ਰ ਸਨ।