- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਦੇ ਪਿੰਡ ਕੋਟੜਾ ਕਲਾਂ ਵਿੱਚ ਸਵੇਰੇ ਕਰੀਬ

-ਕੋਟੜਾ ਕਲਾਂ ਵਿਖੇ ਬੱਸ ਅੱਡੇ ’ਤੇ ਬੱਸਾਂ ਰੋਕੇ ਜਾਣ ਦੀ ਲੋਕਾਂ ਨੇ ਕੀਤੀ ਮੰਗ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਨੇੜਲੇ ਪਿੰਡ ਕੋਟੜਾ ਕਲਾਂ ਵਿਚ ਬੁੱਧਵਾਰ ਸਵੇਰੇ ਇਕ ਪੈਪਸੂ ਰੋਡਵੇਜ਼ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਬੱਸ ਦੀ ਭੰਨਣ-ਤੋੜਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਬੱਸ ਪਟਿਆਲਾ ਤੋਂ ਮਾਨਸਾ ਵੱਲ ਆ ਰਹੀ ਸੀ ਅਤੇ ਇਸ ਦੌਰਾਨ ਕੋਟੜਾ ਕਲਾਂ ਕੋਲ ਬੱਸ ਨੂੰ ਰੋਕਿਆ ਗਿਆ। ਇਸ ਦੌਰਾਨ ਹੋਈ ਬਹਿਸ ਤੋਂ ਬਾਅਦ ਕੁੱਝ ਵਿਅਕਤੀਆਂ ਵੱਲੋਂ ਇਸ ਦੇ ਸੀਸ਼ੇ ਵੀ ਭੰਨੇ ਗਏ। ਲੋਕਾਂ ਵਿੱਚ ਕੋਟੜਾ ਕਲਾਂ ’ਚ ਬੱਸਾਂ ਨਾ ਰੁਕਣ ਕਾਰਨ ਰੋਸ ਸੀ। ਇਸ ਕਾਰਨ ਹੀ ਲੋਕ ਇਕੱਠੇ ਹੋਏ ਸਨ।
ਬੱਸ ਦੇ ਕੰਡਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਬੱਸ ਰੋਜ਼ਾਨਾ ਪਟਿਆਲਾ ਵੱਲੋਂ ਮਾਨਸਾ ਵੱਲ ਆਉਂਦੀ ਹੈ ਅਤੇ ਇੱਥੇ ਖੜ੍ਹੀਆਂ ਸਵਾਰੀਆਂ ਨੂੰ ਲੈ ਕੇ ਜਾਂਦੀ ਹੈ। ਪਰ ਕਈ ਵਾਰ ਜ਼ਿਆਦਾ ਸਵਾਰੀ ਹੋਣ ਕਰਕੇ ਕੁੱਝ ਸਵਾਰੀ ਰਹਿ ਜਾਂਦੀ ਹੈ, ਪਰ ਕਈ ਵਾਰ ਸਾਰੀਆਂ ਸਵਾਰੀਆਂ ਚੜ੍ਹ ਜਾਂਦੀਆਂ। ਬੁੱਧਵਾਰ ਨੂੰ ਬੱਸ ਜਦੋਂ ਇੱਥੇ ਪੁੱਜੀ ਤਾਂ ਨੈਸ਼ਨਲ ਹਾਈਵੇ ’ਤੇ ਕੁਝ ਲੋਕ ਇਕੱਠੇ ਹੋ ਕੇ ਖੜ੍ਹੇ ਸਨ, ਤਾਂ ਬੱਸ ਰੁਕ ਗਈ। ਪਰ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਬੱਸਾਂ ਨਹੀਂ ਰੁਕਦੀਆਂ, ਜਿਸ ਕਾਰਨ ਲੋਕ ਡਾਹਢੇ ਪਰੇਸ਼ਾਨ ਹਨ। ਕੰਡਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਜਦ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਬਸ ਰੋਜ਼ਾਨਾ ਇੱਥੇ ਰੁਕਦੀ ਹੈ ਅਤੇ ਜੀਪੀਐੱਸ ਰਾਹੀਂ ਇਹ ਪਤਾ ਵੀ ਕੀਤਾ ਜਾ ਸਕਦਾ ਹੈ। ਪਰ ਇਸ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਡਰਾਈਵਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦ ਮਾਹੌਲ ਤਣਾਅਪੂਰਨ ਹੋਣ ਲੱਗਿਆ ਤਾਂ ਬੱਸ ਚਲਾ ਲਈ। ਇਸ ਮੌਕੇ ਕੁੱਝ ਲੋਕਾਂ ਵੱਲੋਂ ਪਿੱਛੋਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਰੋੜਿਆਂ ਕਾਰਨ ਪਿਛਲਾ ਸੀਸ਼ਾ ਅਤੇ ਦੋ ਸਾਈਡ ਵਾਲੇ ਸੀਸ਼ੇ ਭੰਨੇ ਗਏ, ਜਦੋਂਕਿ ਇਕ ਔਰਤ ਸਵਾਰੀ ਦੇ ਵੀ ਸੱਟ ਲੱਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਸ਼ਕਿਲ ਨਾਲ ਉਥੋਂ ਬੱਸ ਕੱਢੀ।
ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ 25/11 ਦੇ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਬੱਸ ਨਵੀਂ ਨਹੀਂ ਪਾਈ ਜਾ ਰਹੀ, ਜਦੋਂਕਿ ਔਰਤ ਸਵਾਰੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਹੂਲਤ ਹੋਣ ਦੇ ਕਾਰਨ ਭੀੜ ਜ਼ਿਆਦਾ ਹੋ ਜਾਂਦੀ ਹੈ। ਇਸ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ। ਬੁੱਧਵਾਰ ਨੂੰ ਬੱਸ ਦੀ ਹੋਈ ਭੰਨ-ਤੋੜ ਦੇ ਮਾਮਲੇ ਵਿੱਚ ਜਿਹੜੇ ਵਿਅਕਤੀਆਂ ਵੱਲੋਂ ਅਜਿਹੀ ਬੱਸ ਦੇ ਸੀਸ਼ੇ ਭੰਨਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦਰਖ਼ਾਸਤ ਥਾਣਾ ਭੀਖੀ ਵਿਚ ਦੇ ਦਿੱਤੀ ਹੈ। ਜਾਂਚ ਅਧਿਕਾਰੀ ਸਤਿਗੁਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ’ਚ ਇਕ ਦਿਨ ਦਾ ਧਿਰਾਂ ਨੇ ਸਮਾਂ ਮੰਗਿਆ ਹੈ। ਇਸ ਦੇ ਬਾਅਦ ਬਿਆਨ ਦਰਜ ਕਰਵਾਉਣ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।