- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸੁਹਿਰਦ ਯਤਨਾਂ

-ਗਾਇਕ ਹਰਜੀਤ ਹਰਮਨ ਨੇ ਬਿਖੇਰਿਆ ਆਵਾਜ਼ ਦਾ ਜਾਦੂ, ਕਈ ਦਰਸ਼ਕਾਂ ਨੂੰ ਬਿਨਾਂ ਕੁਰਸੀਆਂ ਦੇ ਦੇਖਣਾ ਪਿਆ ਸ਼ੋਅ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸਥਾਨਕ ਜ਼ਿਲ੍ਹੇ ’ਚ ਦਸ ਰੋਜ਼ਾ ਸਰਸ ਮੇਲਾ ਗਾਇਕ ਹਰਜੀਤ ਹਰਮਨ ਦੀ ਗਾਇਕੀ ਦੇ ਬਾਅਦ ਸਮਾਪਤ ਹੋਇਆ। ਹਾਲਾਂਕਿ ਇਸ ਮੇਲੇ ਦੌਰਾਨ ਵੱਡੀ ਗਿਣਤੀ ’ਚ ਗਾਇਕਾਂ ਦੇ ਗੀਤਾਂ ਦਾ ਆਨੰਦ ਮਾਣਨ ਲਈ ਲੋਕ ਟਿਕਟਾਂ ਖ਼ਰੀਦ ਕੇ ਪਹੁੰਚਦੇ ਰਹੇ, ਪਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਘਾਟ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਦਾਣਾ ਮੰਡੀ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਮਾਰਚ ਤੋਂ 10 ਦਿਨਾ ਸਰਸ ਮੇਲਾ ਲਾਇਆ ਗਿਆ। ਮੇਲੇ ਦੇ ਆਖ਼ਰੀ ਦਿਨ ਸਮਾਪਤੀ ਸਮਾਗਮ ਦੀ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਨੇ ਆਪਣੀ ਗਾਇਕੀ ਦਾ ਜਲਵਾ ਦਿਖਾਇਆ। ਉਨ੍ਹਾਂ ਨੇ ਆਪਣੇ ਸੱਭਿਆਚਾਰਕ ਗੀਤਾਂ ਦੀ ਛਹਿਬਰ ਲਗਾਈ। ਹਰਜੀਤ ਹਰਮਨ ਨੇ ਆਪਣੇ ਗੀਤਾਂ ਰਾਹੀਂ ਜਿੱਥੇ ਪੰਜਾਬੀ ਵਿਰਸੇ ਦੀ ਗੱਲ ਕੀਤੀ, ਉੱਥੇ ਹੀ ਮੇਲੇ ਵਿੱਚ ਆਏ ਹਜ਼ਾਰਾਂ ਦਰਸ਼ਕਾਂ ਨੂੰ ਮੰਤਰ-ਮੁਗਧ ਕੀਤਾ। ਉਨ੍ਹਾਂ ਨੇ ‘ਮਿੱਤਰਾਂ ਦਾ ਨਾਂ ਚੱਲਦੈ, ਨੀ ਮੈਂ ਦਿਲ ਮਰ ਜਾਣੇ ਨੂੰ, ਦਿਲ ਖੁਸ਼ ਰੱਖ ਮਿੱਤਰਾ, ਸਿੱਧੀ-ਸਾਦੀ ਜੱਟੀ, ਵੰਡੇ ਗਏ ਪੰਜਾਬ ਦੀ ਤਰ੍ਹਾਂ, ਚੰਡੋਲ ਸਮੇਤ ਅਨੇਕਾਂ ਗੀਤ ਗਾਏ। ਇਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੀ ਗੀਤਾਂ ਸਬੰਧੀ ਫ਼ਰਮਾਇਸ਼ ਨੂੰ ਵੀ ਪੂਰਾ ਕੀਤਾ। ਸਮਾਗਮ ਦੌਰਾਨ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁਧਰਾਮ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਸੀਨੀਅਰ ਆਗੂ ਚਰਨਜੀਤ ਸਿੰਘ ਅੱਕਾਂਵਾਲੀ, ਏਡੀਸੀ ਆਕਾਸ਼ ਬਾਂਸਲ, ਐਸਪੀ ਮਨਮੋਹਨ ਸਿੰਘ ਔਲਖ, ਮੁੱਖ ਮੰਤਰੀ ਫੀਲਡ ਅਫਸਰ ਡਾ. ਗੁਰਲੀਨ ਕੌਰ ਸਿੱਧੂ, ਐਸਡੀਐਮ ਬੁਡਲਾਡਾ ਗਗਨਦੀਪ ਸਿੰਘ ਤੇ ਐੱਸਡੀਐੱਮ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਨੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਾਇਕ ਹਰਜੀਤ ਹਰਮਨ ਦਾ ਵਿਸ਼ੇਸ਼ ਸਨਮਾਨ ਕੀਤਾ, ਉਥੇ ਹੀ ਵਧੀਆ ਕਾਰਗੁਜ਼ਾਰੀ ਵਾਲੇ ਪੰਜ ਸਵੈ-ਸਹਾਇਤਾ ਸਮੂਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਵੀ ਸ਼ਿਰਕਤ ਕੀਤੀ।
ਮੇਲੇ ਦੌਰਾਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਤੇ ਕਲਾਤਮਕ ਵਸਤਾਂ ਰਾਹੀਂ ਲੋਕਾਂ ਦਾ ਦਿਲ ਜਿੱਤਣ ਵਾਲੇ 5 ਸਵੈ-ਸਹਾਇਤਾ ਸਮੂਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਇਨ੍ਹਾਂ ਸਮੂਹਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਗਿਆ ਕਿ ਇਹ ਮਹਿਲਾ ਸ਼ਕਤੀ ਦੀ ਜਿੱਤ ਹੈ ਅਤੇ ਪ੍ਰਸ਼ਾਸ਼ਨ ਉਨ੍ਹਾਂ ਦੇ ਹੁਨਰ ਨੂੰ ਯੋਗ ਮੰਚ ਮੁਹੱਈਆ ਕਰਵਾਉਣ ਲਈ ਹਮੇਸ਼ਾ ਤਤਪਰ ਹੈ। ਪਿਛਲੇ ਦਸ ਦਿਨਾਂ ਤੋਂ ਮਾਨਸਾ ਦੀ ਫ਼ਿਜ਼ਾ ਵਿਚ ਵੱਖ-ਵੱਖ ਸੂਬਿਆਂ ਦੇ ਪਕਵਾਨਾਂ ਦੀ ਖ਼ੁਸ਼ਬੂ, ਹੱਥੀਂ ਬਣਾਈਆਂ ਕਲਾਕ੍ਰਿਤੀਆਂ ਦੀ ਚਮਕ ਅਤੇ ਲੋਕ ਨਾਚਾਂ ਦੀ ਧਮਕ ਦੇਖਣ ਨੂੰ ਮਿਲੀ।
ਭਾਵੇਂ ਸਰਸ ਮੇਲਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਮਨੋਰੰਜਨ ਲਈ ਲਗਾਇਆ ਗਿਆ, ਪਰ ਲੱਖਾਂ ਰੁਪਏ ਨਾਲ ਲਗਾਏ ਮੇਲੇ ‘ਤੇ ਸੁਆਲ ਲਗਾਤਾਰ ਲੋਕਾਂ ਵੱਲੋਂ ਚੁੱਕੇ ਗਏ। ਇਸ ਦੌਰਾਨ ਭਾਵੇਂ ਮਸ਼ਹੂਰ ਗਾਇਕਾਂ ਨੇ ਅਲੱਗ ਅਲੱਗ ਦਿਨਾਂ ਦੌਰਾਨ ਆਪਣੀ ਗਾਇਕੀ ਦਾ ਜਲਵਾ ਦਿਖਾਇਆ, ਪਰ ਪ੍ਰਬੰਧਾਂ ਦੀ ਘਾਟ ਰੜਕਦੀ ਦਿਖਾਈ ਦਿੱਤੀ। ਦਰਸ਼ਕਾਂ ਵੱਲੋਂ ਟਿਕਟਾਂ ਖ਼ਰੀਦ ਕੇ ਗਾਇਕਾਂ ਨੂੰ ਸੁਣਨ ਲਈ ਪਹੁੰਚੇ, ਪਰ ਕਈਆਂ ਨੂੰ ਅੰਦਰ ਬੈਠਣ ਲਈ ਕੁਰਸੀਆਂ ਹੀ ਨਹੀਂ ਮਿਲੀਆਂ। ਭਾਵੇਂਕਿ ਲੋਕਾਂ ਵੱਲੋਂ ਟਿਕਟਾਂ ਖ਼ਰੀਦੀਆਂ ਗਈਆਂ, ਪਰ ਖ਼ਰੀਦੀਆਂ ਟਿਕਟਾਂ ’ਤੇ ਕਈ ਵਾਰ ਕੋਈ ਸੀਰੀਅਲ ਨੰਬਰ ਹੀ ਲੱਗਿਆ ਦਿਖਾਈ ਨਾ ਦਿੱਤਾ। ਗਾਇਕ ਆਰ ਨੇਤ ਦੇ ਆਪਣੀ ਗਾਇਕੀ ਦਾ ਜਲਵਾ ਦਿਖਾਉਣ ਵਾਲੇ ਦਿਨ ਵੀ ਭੀੜ ਬੇ ਕਾਬੂ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨਾਲ ਆਈਆਂ ਔਰਤਾਂ ਨੇ ਜ਼ਿਆਦਾਤਰ ਉੱਥੋਂ ਜਾਣਾ ਹੀ ਚੰਗਾ ਸਮਝਿਆ। ਵੱਡੀ ਗਿਣਤੀ ’ਚ ਕੁਰਸੀਆਂ ਅਗਲੇ ਦਿਨ ਟੁੱਟੀਆਂ ਹੋਈਆਂ ਮਿਲੀਆਂ।
ਗਾਇਕ ਹਰਜੀਤ ਹਰਮਨ ਐਤਵਾਰ ਨੂੰ ਸ਼ਾਮ ਵੇਲੇ ਆਪਣਾ ਸ਼ੋਅ ਲਗਾਉਣ ਆਏ ਤਾਂ ਉਥੇ ਪ੍ਰਬੰਧਾਂ ਵਿੱਚ ਬਹੁਤ ਘੱਟ ਗਿਣਤੀ ਹੀ ਕੁਰਸੀਆਂ ਲਗਾਈਆਂ ਗਈਆਂ ਤੇ ਦਰਸ਼ਕਾਂ ਨੂੰ ਖੜ੍ਹ ਕੇ ਗਾਇਕ ਦੇ ਗਾਣੇ ਸੁਣਨੇ ਪਏ। ਗਾਇਕ ਹਰਜੀਤ ਹਰਮਨ ਦੇ ਸ਼ੋਅ ਵਾਲੇ ਦਿਨ ਕੁੱਝ ਪੁਲਿਸ ਅਧਿਕਾਰੀ ਵੀ ਪ੍ਰਸ਼ਾਸਨਕ ਅਧਿਕਾਰੀਆਂ ਲਈ ਬੈਠਣ ਦੀ ਜਗ੍ਹਾ ਬਣਾਉਣ ਵਿੱਚ ਰੁੱਝੇ ਦਿਖਾਈ ਦਿੱਤੇ।