ਤਨਖ਼ਾਹ ਨਾ ਮਿਲਣ ’ਤੇ ਅਧਿਆਪਕਾਂ ਵੱਲੋਂ ਡੀਈਓ ਦਫ਼ਤਰ ਅੱਗੇ ਨਾਅਰੇਬਾਜ਼ੀ
ਤਨਖਾਹਾਂ ਲਈ ਲੋੜੀਦਾ ਬਜ਼ਟ ਨਾ ਹੋਣ ਕਾਰਨ
Publish Date: Wed, 11 Mar 2026 06:38 PM (IST)
Updated Date: Thu, 12 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਤਨਖ਼ਾਹਾਂ ਲਈ ਲੋੜੀਂਦਾ ਬਜ਼ਟ ਨਾ ਹੋਣ ਕਾਰਨ ਜ਼ਿਲ੍ਹੇ ਭਰ ’ਚ ਅਧਿਆਪਕ ਵੱਡੀ ਗਿਣਤੀ ’ਚ ਫ਼ਾਕੇ ਕੱਟਣ ਲਈ ਮਜ਼ਬੂਰ ਹਨ। ਅੱਜ ਅੱਕ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਪਹੁੰਚੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਕਰਮਜੀਤ ਤਾਮਕੋਟ, ਲਖਵਿੰਦਰ ਮਾਣ ਤੇ ਰਾਜਵਿੰਦਰ ਸਿੰਘ ਬਹਿਣੀਵਾਲ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਮਾਰਚ ਮਹੀਨੇ ਬਜਟ ਘਟਣ ਦੀ ਸਮੱਸਿਆ ਕਾਰਨ ਅਧਿਆਪਕਾਂ ਨੂੰ ਤਨਖ਼ਾਹ ਲੈਣ ਲਈ ਪਰੇਸ਼ਾਨ ਹੋਣਾ ਪੈਂਦਾ ਹੈ, ਪਰ ਪਿਛਲੇ ਸਾਲਾਂ ਤੋਂ ਅਫ਼ਸਰ ਕੋਈ ਸਬਕ ਨਹੀਂ ਲੈ ਰਹੇ। ਅੱਕੇ ਹੋਏ ਅਧਿਆਪਕ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਦੇ ਬਾਹਰ ਬੈਠ ਕੇ ਨਾਅਰੇਬਾਜ਼ੀ ਕੀਤੀ। ਕੁੱਝ ਅਧਿਆਪਕ ਆਗੂਆਂ ਨੂੰ ਪ੍ਰਬੰਧਕੀ ਕੰਪਲੈਕਸ ਬਾਹਰ ਰੋਕਣ ਕਰਕੇ ਉਨ੍ਹਾਂ ਨੇ ਕੰਪਲੈਕਸ ਦੇ ਮੁੱਖ ਗੇਟ ਤੇ ਨਾਅਰੇਬਾਜ਼ੀ ਕੀਤੀ। ਅਧਿਆਪਕ ਆਗੂਆਂ ਹੰਸਾ ਸਿੰਘ ਡੇਲੂਆਣਾ, ਸੁਖਵੀਰ ਸਿੰਘ, ਨਵੀਨ ਬੋਹਾ ਨੇ ਦੱਸਿਆ ਕਿ ਅਧਿਆਪਕਾਂ ਕਰਜ਼ਿਆ ਦੀਆਂ ਕਿਸ਼ਤਾਂ ਟੁੱਟ ਰਹੀਆਂ ਹਨ ਅਤੇ ਬੱਚਿਆਂ ਦੀਆਂ ਫ਼ੀਸਾਂ ਅਤੇ ਹੋਰ ਖਰਚੇ ਰੁਕੇ ਪਏ ਹਨ ਪਰ ਅਫ਼ਸਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਬਜ਼ਟ ਲਈ ਡੀਐੱਸਈ ਦਫ਼ਤਰ ਨੂੰ ਯਾਦ ਪੱਤਰ ਭੇਜਣ ਦਾ ਵੀ ਵਿਸ਼ਵਾਸ ਦਿਵਾਇਆ। ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ 12 ਮਾਰਚ ਤੱਕ ਤਨਖ਼ਾਹ ਨਾ ਮਿਲੀ ਤਾਂ 13 ਮਾਰਚ ਨੂੰ ਦੁਆਰਾ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਮਨਜੀਤ ਅਕਲੀਆ, ਕੁਲਦੀਪ ਅੱਕਾਵਾਲੀ, ਸੁਖਚੈਨ ਸੇਖੋਂ, ਹਰਿੰਦਰ, ਮਨਮੋਹਨ ਸਿੰਘ, ਜਗਮੀਤ ਸਿੰਘ, ਸਹਿਦੇਵ ਸਿੰਘ, ਰੋਮੀ ਸਿੰਘ, ਵਰਿੰਦਰਪਾਲ, ਜਗਤਾਰ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਬਰਨਾਲਾ, ਤੇਜਿੰਦਰ ਸਿੰਘ, ਲੱਖਾ ਸਿੰਘ, ਜਗਤਾਰ ਸਿੰਘ ਹਾਜ਼ਰ ਸਨ।