- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾ ਰਹੇ

-ਰੋਸ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਸੌਂਪਿਆ ਮੰਗ ਪੱਤਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾਅ ਰਹੇ ਪੱਕੇ ਅਧਿਆਪਕਾਂ ‘ਤੇ ਟੈੱਟ ਦੀ ਬੇਲੋੜੀ ਸ਼ਰਤ ਜਬਰੀ ਥੋਪਣ ਖ਼ਿਲਾਫ਼ ਸੂਬਾ ਭਰ ਵਿੱਚ ਅਧਿਆਪਕਾਂ ਨੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਇਕੱਠੇ ਹੋ ਰੋਸ ਮੁਜ਼ਾਹਰੇ ਕੀਤੇ। ਅਧਿਆਪਕ ਆਗੂਆਂ ਨੇ ਜਾਣਕਾਰੀ ਦਿੱਤੀ ਕਿ 22 ਫ਼ਰਵਰੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਮਹਾਂਰੈਲੀ ਦੇ ਦਬਾਅ ਸਦਕਾ ਜਥੇਬੰਦੀਆਂ ਨੂੰ ਮਿਲੀ ਮੀਟਿੰਗ ਤੋਂ ਸਿੱਖਿਆ ਮੰਤਰੀ ਦੇ ਮੁਕਰ ਜਾਣ ਕਾਰਨ ਸੂਬੇ ਦੇ ਹਜ਼ਾਰਾਂ ਅਧਿਆਪਕਾਂ ’ਚ ਗੁੱਸੇ ਦੀ ਲਹਿਰ ਹੈ। ਉਨ੍ਹਾਂ ਆਪਣੇ ਰੋਹ ਦੇ ਪ੍ਰਗਟਾਵੇ ਲਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਘਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਅਧਿਆਪਕਾਂ ਦੇ ਭਰਵੇਂ ਮੁਜ਼ਾਹਰੇ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਡੀਟੀਐਫ਼ ਦੇ ਪ੍ਰਧਾਨ ਅਮੋਲਕ ਡੇਲੂਆਣਾ ਨੇ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ਅਤੇ ਨਿਯਮ ਪੂਰੇ ਕਰ ਕੇ ਭਰਤੀ ਹੋਏ ਤੇ 20-20 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ‘ਤੇ ਸੁਪਰੀਮ ਕੋਰਟ ਦਾ ਗ਼ੈਰ ਕੁਦਰਤੀ ਫ਼ੈਸਲਾ ਲਾਗੂ ਕਰ ਦੇਣਾ ਪੰਜਾਬ ਸਰਕਾਰੀ ਦੀ ਮੱਕਾਰੀ ਨੂੰ ਦਰਸਾਉਂਦਾ ਹੈ। ਵੱਡੀ ਗਿਣਤੀ ’ਚ ਅਧਿਆਪਕਾਂ ਨੇ ਰੋਸ ਭਰਪੂਰ ਮੁਜ਼ਾਹਰਾ ਕਰਨ ਬਾਅਦ ਵਿਧਾਇਕ ਨੂੰ ਮੰਗ ਪੱਤਰ ਦਿੱਤਾ।
ਡੀਟੀਐੱਫ ਦੇ ਮੀਤ ਪ੍ਰਧਾਨ ਨਵੀਨ ਗੋਇਲ ਬੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਭਰਤੀ ਕੀਤੇ ਅਧਿਆਪਕਾਂ ਦੀਆਂ ਨੌਕਰੀਆਂ ਬਚਾਉਣ ਦੀ ਥਾਂ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਾਹਲੀ ਵਿੱਚ ਹੈ, ਜੋ ਕਿ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਗ਼ੈਰ ਕੁਦਰਤੀ ਫ਼ੈਸਲੇ ਨਾਲ ਦੇਸ਼ ਭਰ ਦੇ 25 ਲੱਖ ਸਰਕਾਰੀ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ। ਵਿਜੈ ਕੁਮਾਰ ਸਟੇਟ ਮੀਤ ਪ੍ਰਧਾਨ ਐਸਸੀਬੀਸੀ ਯੂਨੀਅਨ ਨੇ ਦੱਸਿਆ ਕਿ ਅਧਿਆਪਕ ਕਿਸਾਨ ਅੰਦੋਲਨ ਦੀ ਪ੍ਰੇਰਨਾ ਲੈ ਕੇ ਇਸ ਮਸਲੇ ਤੇ ਦੇਸ਼ ਪੱਧਰੀ ਸੰਘਰਸ਼ ਲੜਨ ਦੀ ਤਿਆਰੀ ਵਿੱਚ ਹਨ।
ਆਗੂ ਗੁਰਦਾਸ ਗੁਰਨੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਕਾਹਲੀ ਇਹ ਦਰਸਾਉਂਦੀ ਹੈ ਕਿ ਸਰਕਾਰ ਅਧਿਆਪਕ ਨੀ ਇਸ ਬੇਲੋੜੇ ਮੁੱਦੇ ਵਿੱਚ ਉਲਝਾ ਕੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਕੱਚੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਐੱਨਐੱਸਕਿਉ ਅਧਿਆਪਕਾਂ ਅਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੱਕੇ ਕਰਨ,16% ਡੀ ਏ ਨਾ ਦੇਣ, ਪੰਜਾਬ ਦੇ ਪੁਰਾਣੇ ਸਕੇਲ ਲਾਗੂ ਨਾ ਕਰਨ, ਪੇਂਡੂ ਭੱਤਿਆਂ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਨਾ ਕਰਨ ਤੋਂ ਭੱਜ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 2017 ਦਾ ਟੈੱਟ ਤੋਂ ਛੋਟ ਵਾਲਾ ਪੱਤਰ ਬਹਾਲ ਕਰੇ, ਸੁਪਰੀਮ ਕੋਰਟ ’ਚ ਤੁਰੰਤ ਰਿਵੀਊ ਪਟੀਸ਼ਨ ਦਾਖ਼ਲ ਕਰੇ, 08 ਮਾਰਚ ਤੇ 15 ਮਾਰਚ ਨੂੰ ਹੋਣ ਵਾਲੇ ਟੈੱਟ ਵਿੱਚੋ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਛੋਟ ਦੇਵੇ ਅਤੇ ਸਾਰੇ ਕਾਡਰਾਂ ਦੀਆਂ ਪੈਂਡਿੰਗ ਪਈਆਂ ਤਰੱਕੀਆਂ ਤੁਰੰਤ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਿਜੀਕਲ ਅਧਿਆਪਕ ਯੂਨੀਅਨ ਦੇ ਸੰਦੀਪ ਚਹਿਲ, ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਨਿਤੇਸ਼ ਬੁਢਲਾਡਾ, ਜਰਨੈਲ ਬੋਹਾ, ਅਜੇ ਕੁਮਾਰ, ਨਵਨੀਸ਼ ਕੁਮਾਰ, ਮੁਕੇਸ਼ ਬੋਹਾ, ਨਿਤੇਸ਼ ਕੱਕੜ, ਸੁਮੀਤ ਗੁਪਤਾ, ਜੁਗਰਾਜ ਸਿੰਘ ਪਰੇਮ ਦੋਦੜਾ, ਸੰਤੋਖ ਗੁਰਨੇ ਹਾਜ਼ਰ ਸਨ।