ਕਾਰ ਚੋਰੀ ਕਰਕੇ ਵੇਚਣ ਤੇ ਖ਼ਰੀਦਣ ਵਾਲਿਆਂ ਨੂੰ ਭੇਜਿਆ ਜੇਲ੍ਹ
ਸਵਿਫਟ ਮਾਡਲ 15 ਰਾਜਸਥਾਨ
Publish Date: Wed, 11 Mar 2026 07:41 PM (IST)
Updated Date: Thu, 12 Mar 2026 04:07 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਵਿਫਟ ਮਾਡਲ 15 ਰਾਜਸਥਾਨ ਨੰਬਰੀ ਕਾਰ ਚੋਰੀ ਕਰਕੇ ਅੱਗੇ 5 ਹਜ਼ਾਰ ਦਾ ਸੌਦਾ ਤੈਅ ਕਰ 17 ਸੌ ‘ਚ ਦੇਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਸੀ। ਥਾਣਾ ਸਦਰ ਮਾਨਸਾ ਪੁਲਿਸ ਦੀ ਠੂਠਿਆਂਵਾਲੀ ਚੌਂਕੀ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ੱਕਤ ਨਾਲ ਕਾਰ ਚੋਰੀ ਕਰਕੇ ਅੱਗੇ ਵੇਚਣ ਵਾਲੇ ਮੁਲਜ਼ਮ ਅਤੇ 17 ਸੌ ਰੁਪਏ ਦੇ ਕੇ ਕਾਰ ਲੈਣ ਵਾਲੇ ਨੂੰ ਕਾਬੂ ਕਰਨ ਦੇ ਬਾਅਦ ਪੁਲਿਸ ਨੇ ਅਦਾਲਤ ’ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ। ਅੱਜ ਪੁਲਿਸ ਰਿਮਾਂਡ ਪੂਰ੍ਹਾ ਹੋਣ ’ਤੇ ਉਨ੍ਹਾਂ ਦੋਨਾਂ ਨੂੰ ਅਦਾਲਤ ’ਚ ਪੇਸ਼ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਦੋਂਕਿ ਤੀਜੇ ਮੁਲਜ਼ਮ ਦੀ ਪੁਲਿਸ ਭਾਲ ਕਰ ਰਹੀ ਹੈ। ਠੂਠਿਆਂਵਾਲੀ ਚੌਂਕੀ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ 27 ਫ਼ਰਵਰੀ 2026 ਨੂੰ ਠੂਠਿਆਂਵਾਲੀ ਦੇ ਢਾਬੇ ’ਤੇ ਸੰਦੀਪ ਕੁਮਾਰ ਪੁੱਤਰ ਮਹਾਵੀਰ ਪ੍ਰਸ਼ਾਦ ਹਨੂੰਮਾਨਗੜ੍ਹ ਰਾਜਸਥਾਨ ਖਾਣਾ ਖਾ ਰਹੇ ਸਨ। ਉਨ੍ਹਾਂ ਗੱਡੀ ਵਿੱਚ ਆਪਣਾ ਮੋਬਾਇਲ ਚਾਰਜ ਲਗਾਇਆ ਹੋਇਆ ਸੀ ਅਤੇ ਉਥੋਂ ਸਵਿਫ਼ਟ ਗੱਡੀ ਨੂੰ ਕੋਈ ਚੋਰੀ ਕਰਕੇ ਲੈ ਗਿਆ। ਫ਼ਿਰ ਜਦ ਮੁਦੱਈ ਵੱਲੋਂ ਮਾਮਲਾ ਧਿਆਨ ’ਚ ਲਿਆਂਦਾ ਤਾਂ ਭਾਲ ਸ਼ੁਰੂ ਕਰ ਦਿੱਤੀ ਸੀ। ਸੀਸੀਟੀਵੀ ਕੈਮਰੇ ਖੰਗਾਲੇ ਗਏ ਅਤੇ ਦੋ ਜਣਿਆਂ ਸੰਦੀਪ ਉਰਫ਼ ਮਜਾਕੀ ਵਾਸੀ ਭੈਣੀ ਚੂਹੜ ਅਤੇ ਬੱਬੂ ਰਾਮ ਵਾਸੀ ਪੀਰ ਕੋਟ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਗੱਡੀ ਸੰਦੀਪ ਸਿੰਘ ਉਰਫ਼ ਮਜਾਕੀ ਵਾਸੀ ਭੈਣੀ ਚੂਹੜ ਅਤੇ ਕਾਲਾ ਧਨੋਲਾ ਵੱਲੋਂ ਚੋਰੀ ਕੀਤੀ ਗਈ ਸੀ। ਬਾਅਦ ਵਿੱਚ ਇਹ ਕਾਰ ਬੱਬੂ ਰਾਮ ਨਾਲ 5 ਹਜ਼ਾਰ ਰੁਪਏ ’ਚ ਸੌਦਾ ਤੈਅ ਕਰ ਲਿਆ ਅਤੇ 1700 ’ਚ ਹੀ ਦੇ ਦਿੱਤੀ। ਹੁਣ ਇਹ ਸੰਦੀਪ ਸਿੰਘ ਉਰਫ਼ ਮਜਾਕੀ ਅਤੇ ਬੱਬੂ ਰਾਮ ਨੂੰ ਉੱਭਾ ਦੇ ਨੇੜੇ ਇਸ ਗੱਡੀ ’ਤੇ ਜਾਂਦੇ ਹੋਇਆ ਨੂੰ ਕਾਬੂ ਕਰ ਲਿਆ ਗਿਆ ਸੀ। ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਅੱਜ ਫ਼ਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਦਾਲਤ ਦੇ ਆਦੇਸ਼ਾਂ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਤੀਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।