ਸੁਰ ਸੰਗਮ ਕਲਾ ਮੰਚ ਵੱਲੋਂ ਸੰਗੀਤਮਈ ਸ਼ਾਮ ਦਾ ਸ਼ਾਨਦਾਰ ਆਯੋਜਨ
ਸੁਰ ਸੰਗਮ ਕਲਾ ਮੰਚ ਵੱਲੋਂ ਇੱਕ ਰੰਗਾਰੰਗ
Publish Date: Wed, 15 Apr 2026 06:49 PM (IST)
Updated Date: Thu, 16 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਸੁਰ ਸੰਗਮ ਕਲਾ ਮੰਚ ਵੱਲੋਂ ਇੱਕ ਰੰਗਾਰੰਗ ਸੰਗੀਤਮਈ ਸ਼ਾਮ ਦਾ ਆਯੋਜਨ ਜੀਆਈਐੱਮਟੀ ਕਾਲਜ ਦੇ ਵਿਹੜੇ ’ਚ ਕਰਵਾਇਆ ਗਿਆ। ਮਿਊਜ਼ੀਕਲ ਨਾਈਟ ਵਿੱਚ ਸ਼ਹਿਰ ਦੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ। ਪ੍ਰੋਗਰਾਮ ਦੀ ਸ਼ੁਰੂਆਤ ਮੰਨਤ ਮਠਾੜੂ ਵੱਲੋਂ ਭਗਤੀਮਈ ਗੀਤ “ਸਤਿਅਮ ਸ਼ਿਵਮ ਸੁੰਦਰਮ” ਨਾਲ ਕੀਤੀ ਗਈ, ਇਸ ਨਾਲ ਪੂਰਾ ਮਾਹੌਲ ਸੁਹਾਵਣਾ ਹੋ ਗਿਆ। ਇਸ ਤੋਂ ਬਾਅਦ ਹਰਿ ਜਪ ਅਤੇ ਗੁਰਸਾਈਨ ਨੇ ਮਾਂ ਨੂੰ ਸਮਰਪਿਤ ਗੀਤ “ਤੂੰ ਕਿਤਨੀ ਅੱਛੀ ਹੈ” ਪੇਸ਼ ਕਰਕੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਹਰਵਿੰਦਰ ਹੈਪੀ ਨੇ ਆਪਣੇ ਗੀਤ “ਜੋ ਮਿਲ ਗਏ ਹੋ” ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ, ਜਦਕਿ ਬਲੈਕ ਸਿੰਘ ਦਾ ਗੀਤ “ਮੇਰੇ ਨੈਣਾ ਸਾਵਨ ਭਾਦੋਂ” ਵੀ ਖੂਬ ਸਲਾਹਿਆ। ਵੀਰ ਸਹੋਤਾ ਨੇ “ਕਭੀ ਬੇਕਸੀ ਨੇ ਮਾਰਾ” ਪੇਸ਼ ਕਰਕੇ ਵਾਹ-ਵਾਹ ਲੁੱਟੀ। ਜੀਆਈਐਮਟੀ ਕਾਲਜ ਦੇ ਮੁਖੀ ਨਵੀਨ ਸਿੰਗਲਾ ਨੇ ਵੀ ਇਕ ਗੀਤ ਗਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਪਰਮਜੀਤ ਸੈਣੀ ਨੇ “ਦਿਲ ਕੇ ਟੁਕੜੇ ਟੁਕੜੇ ਕਰਕੇ” ਨਾਲ ਰੰਗ ਬੰਨ੍ਹਿਆ, ਜਦਕਿ ਖੁਸ਼ੀ ਮਿੱਤਲ ਨੇ “ਚਿੱਠੀਏ ਨੀਂ” ਨਾਲ ਦਰਸ਼ਕਾਂ ਦਾ ਖਾਸ ਧਿਆਨ ਖਿੱਚਿਆ। ਇਸ ਮੌਕੇ ਗੁਰਵਿੰਦਰ ਮਠਾੜੂ, ਕਿਰਨ ਮਠਾੜੂ, ਦੀਪਕ, ਅਮਰਿੰਦਰ, ਆਸ਼ੂ, ਹਨੀ ਗੌੜ, ਰਵੀ ਜੈਨ, ਅੰਮ੍ਰਿਤਪਾਲ, ਰਾਮਪਾਲ ਵਰਮਾ, ਕਪਿਲ ਸਚਦੇਵਾ, ਨੀਰਜ ਬਿਹਾਰੀ, ਹਰਪੁਨੀਤ ਕੌਰ ਅਤੇ ਵਿਜੇ ਮਿੱਤਲ ਨੇ ਵੀ ਆਪਣੀਆਂ ਸ਼ਾਨਦਾਰ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਚੰਡੀਗੜ੍ਹ ਤੋਂ ਪਹੁੰਚੇ ਮਹਿਮਾਨ ਕਲਾਕਾਰ ਤੁਲਸੀ ਕਾਠ ਅਤੇ ਵਿੱਕੀ ਕਾਠ ਨੇ ਆਪਣੇ ਧਮਾਕੇਦਾਰ ਗੀਤ “ਯੰਮਾ ਯਮਾਂ” ਨਾਲ ਪੂਰੇ ਮਾਹੌਲ ਨੂੰ ਰੌਣਕਮਈ ਬਣਾ ਦਿੱਤਾ ਅਤੇ ਦਰਸ਼ਕ ਝੂਮਣ ਲਈ ਮਜਬੂਰ ਹੋ ਗਏ। ਪੂਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਹਰਦੇਵ ਕਮਲ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਕੁੱਲ ਮਿਲਾ ਕੇ ਇਹ ਸੰਗੀਤਮਈ ਸ਼ਾਮ ਦਰਸ਼ਕਾਂ ਦੇ ਦਿਲਾਂ ‘ਤੇ ਗਹਿਰੀ ਛਾਪ ਛੱਡ ਗਈ।