ਮਾਈ ਭਾਗੋ ਸਕੂਲ ਰੱਲਾ ਵਿਖੇ ਸਕਾਲਰਸ਼ਿਪ ਟੈਸਟ-2026 ਕਰਵਾਇਆ
ਸਿੱਖਿਆ ਦੇ ਖੇਤਰ ਵਿੱਚ ਮਿਆਰੀ ਉਪਰਾਲਿਆਂ
Publish Date: Mon, 06 Apr 2026 07:26 PM (IST)
Updated Date: Tue, 07 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿੱਖਿਆ ਦੇ ਖੇਤਰ ਵਿੱਚ ਮਿਆਰੀ ਉਪਰਾਲਿਆਂ ਲਈ ਪ੍ਰਸਿੱਧ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵੱਲੋਂ ਬੀਤੇ ਦਿਨ੍ਹੀਂ “ਸਕਾਲਰਸ਼ਿਪ ਟੈਸਟ-2026” ਦਾ ਉੱਚ ਪੱਧਰ ’ਤੇ ਕਰਵਾਇਆ ਗਿਆ। ਟੈਸਟ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਕਰੀਬ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸਵਿਤਾ ਕਾਠ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕਾਲਰਸ਼ਿਪ ਟੈਸਟਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਮੁਕਾਬਲੇ ਦੀ ਪ੍ਰੀਖਿਆ ਲਈ ਤਿਆਰ ਕਰਨਾ ਹੈ। ਅਜਿਹੇ ਟੈਸਟ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਮੁਕਾਬਲੇ ਦੀ ਭਾਵਨਾ ਤੇ ਆਪਣੀ ਯੋਗਤਾ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਟੈਸਟ ਖ਼ਾਸ ਤੌਰ ’ਤੇ ਸੈਸ਼ਨ 2025-26 ਦੌਰਾਨ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਲਈ ਕਰਵਾਇਆ ਸੀ। ਸੰਸਥਾ ਵੱਲੋਂ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਆਵਾਜਾਈ ਲਈ ਵੈਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿਸ ਨਾਲ ਦੂਰੋਂ ਆਏ ਵਿਦਿਆਰਥੀਆਂ ਨੂੰ ਕਾਫ਼ੀ ਸਹੂਲਤ ਮਿਲੀ। ਟੈਸਟ ਦੌਰਾਨ ਵਿਦਿਆਰਥੀਆਂ ਵਿੱਚ ਖ਼ਾਸ ਉਤਸ਼ਾਹ ਅਤੇ ਜ਼ਜ਼ਬਾ ਦੇਖਣ ਨੂੰ ਮਿਲਿਆ, ਜੋ ਟੈਸਟ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਹਾਸਿਲ ਕੀਤੀਆਂ ਉਪਲੱਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟੈਸਟ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮੀ ਰਾਸ਼ੀਆਂ ਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਟੈਸਟ ਦੀ ਸਮਾਪਤੀ ਉਪਰੰਤ ਸਾਰੇ ਭਾਗੀਦਾਰਾਂ ਲਈ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜ਼ਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ, ਵਾਇਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਤੇ ਆਫ਼ਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਵੱਲੋਂ ਭਾਗੀਦਾਰ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਪ੍ਰਗਟਾਈਆਂ ਗਈਆਂ। ਅੰਤ ਵਿੱਚ ਪ੍ਰਿੰਸੀਪਲ ਸਵਿਤਾ ਕਾਠ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਿਦਿਆਰਥੀ ਕੇਂਦ੍ਰਿਤ ਪ੍ਰੋਗਰਾਮ ਕਰਵਾਉਣ ਦੀ ਬਚਨਵੱਧਤਾ ਪ੍ਰਗਟ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਸਮੂਹ ਸਟਾਫ਼ ਦੀ ਸਰਗਰਮ ਹਾਜ਼ਰੀ ਨੇ ਕਾਰਜਕ੍ਰਮ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।