ਵਿਦਿਆਰਥੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਦਾ ਦੌਰਾ
ਪੀ.ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ
Publish Date: Tue, 20 Jan 2026 07:34 PM (IST)
Updated Date: Wed, 21 Jan 2026 04:16 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ, ਅੱਕਾਂਵਾਲੀ ਦੇ 138 ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਆਧੁਨਿਕ ਖੇਤੀਬਾੜੀ ਅਤੇ ਸਬੰਧਿਤ ਸਰਗਰਮੀਆਂ ਬਾਰੇ ਵਿਹਾਰਕ ਗਿਆਨ ਪ੍ਰਾਪਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ), ਖੋਖਰ ਖੁਰਦ, ਮਾਨਸਾ ਦਾ ਦੌਰਾ ਕੀਤਾ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕੇ.ਵੀ.ਕੇ ਵਿਖੇ ਉਪਲੱਬਧ ਕਿਸਾਨ ਕੇਂਦਰਿਤ ਵੱਖ-ਵੱਖ ਸਹੂਲਤਾਂ ਨਾਲ ਜਾਣੂ ਕਰਵਾਇਆ। ਉਨ੍ਹਾਂ ਨਿਯਮਤ ਸਿਖਲਾਈ ਪ੍ਰੋਗਰਾਮਾਂ, ਗੁਣਵੱਤਾ ਵਾਲੇ ਬੀਜਾਂ, ਖਣਿਜ ਮਿਸ਼ਰਨਾਂ, ਖੇਤੀ ਮਸ਼ੀਨਰੀ, ਉਤਪਾਦਨ ਅਤੇ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੋਰ ਇਨਪੁਟਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ, ਫ਼ਸਲੀ ਰਹਿੰਦ ਖੂੰਹਦ ਪ੍ਰਬੰਧਨ ਤੇ ਜੈਵਿਕ ਖੇਤੀ ਵਰਗੇ ਮਹੱਤਵਪੂਰਨ ਮੁੱਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਦੌਰੇ ਦੌਰਾਨ ਵਿਦਿਆਰਥੀਆਂ ਨੇ ਕੇਵੀਕੇ ਵਿਖੇ ਸਥਾਪਤ ਵੱਖ ਵੱਖ ਪ੍ਰਦਰਸ਼ਨੀ ਯੂਨਿਟਾਂ (ਮਧੂ ਮੱਖੀ ਪਾਲਣ, ਬੱਕਰੀ ਪਾਲਣ, ਪੋਲਟਰੀ, ਵਰਮੀ ਕੰਪੋਸਟ, ਕਿਚਨ ਗਾਰਡਨ, ਟੈਕਨਾਲੋਜੀ ਪਾਰਕ ਆਦਿ) ਦਾ ਦੌਰਾ ਕੀਤਾ। ਸਹਾਇਕ ਪ੍ਰੋਫ਼ੈਸਰ (ਪੌਦਾ ਸੁਰੱਖਿਆ), ਡਾ. ਰਣਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤੀਬਾੜੀ ਅਤੇ ਸਬੰਧਿਤ ਵਿਸ਼ਿਆਂ ਵਿੱਚ ਆਡਰ ਕੀਤੇ ਜਾ ਰਹੇ ਵੱਖ—ਵੱਖ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੌਜਵਾਨ ਮਨਾ ਨੂੰ ਖੇਤੀਬਾੜੀ ਖੇਤਰ ਵਿੱਚ ਉੱਚ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ 'ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਖੇਤੀਬਾੜੀ ਨਾਲ ਸਬੰਧਤ ਖੇਤਰਾਂ ’ਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ਅਤੇ ਆਪੋ ਆਪਣੇ ਪਿੰਡਾ ਵਿੱਚ ਵਾਤਾਵਰਣ ਅਨੁਕੂਲ ਖੇਤੀ ਅਭਿਆਸਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ।