ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਗੁਰੂ ਨਾਨਕ ਕਾਲਜ ਬੁਢਲਾਡਾ ਦੇ ਬੀ.ਐੱਸਸੀ
Publish Date: Fri, 20 Mar 2026 05:52 PM (IST)
Updated Date: Sat, 21 Mar 2026 04:08 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਬੀ.ਐੱਸਸੀ ਨਾਨ-ਮੈਡੀਕਲ ਵਿਭਾਗ ਦੇ ਦੋ ਵਿਦਿਆਰਥੀਆਂ ਨੇ ਆਈਆਈਟੀ ਜੈਮ-2026 ਭੌਤਿਕ ਵਿਗਿਆਨ (ਫਿਜ਼ਿਕਸ) ਪ੍ਰੀਖਿਆ ਵਿੱਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਇਹ ਪ੍ਰਾਪਤੀ ਨਾ ਸਿਰਫ਼ ਵਿਦਿਆਰਥੀਆਂ ਦੀ ਨਿੱਜੀ ਸਫ਼ਲਤਾ ਹੈ, ਸਗੋਂ ਕਾਲਜ ਦੀ ਵਧੀਆ ਸਿੱਖਿਆ ਪ੍ਰਣਾਲੀ ਦਾ ਵੀ ਸਬੂਤ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਤੇ ਸਾਇੰਸ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ। ਕਾਲਜ ਦੇ ਵਿਦਿਆਰਥੀ ਗਗਨਪ੍ਰੀਤ ਸਿੰਘ ਅਤੇ ਬਬਨਦੀਪ ਕੌਰ ਨੇ ਕ੍ਰਮਵਾਰ 46.33 ਤੇ 25.33 ਅੰਕ ਪ੍ਰਾਪਤ ਕਰਦੇ ਹੋਏ ਆਲ ਇੰਡੀਆ ਰੈਂਕ 61 ਤੇ 1081 ਹਾਸਲ ਕੀਤਾ ਹੈ। ਇਹ ਨਤੀਜੇ ਕਾਲਜ ਦੇ ਉੱਚ ਸਿੱਖਿਆ ਮਾਪਦੰਡਾਂ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਮਾਹੌਲ ਦੀ ਝਲਕ ਦਿੰਦੇ ਹਨ। ਕਾਲਜ ਵਿੱਚ ਵਿਦਿਆਰਥੀਆਂ ਨੂੰ ਰਾਸ਼ਟਰੀ ਪ੍ਰੀਖਿਆਵਾਂ ਲਈ ਵਿਸ਼ੇਸ਼ ਮਾਰਗਦਰਸ਼ਨ, ਟੈਸਟ ਸੀਰੀਜ਼ ਅਤੇ ਸੈਮੀਨਾਰਾਂ ਰਾਹੀਂ ਵਿਭਾਗਾਂ ’ਚ ਤਿਆਰ ਕਰਵਾਈ ਜਾਂਦੀ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਵਿਸ਼ੇਸ਼ ਉੱਪਲਬਦੀਆਂ ਪ੍ਰਪਾਤ ਕਰ ਸਕਣ। ਸਾਇੰਸ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਅਤੇ ਫਿਜਿਕਸ ਵਿਭਾਗ ਦੇ ਮੁਖੀ ਡਾ. ਰਿਸ਼ੀ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰੀ ਕਰਨ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਕੇ ਕਾਲਜ ਦੇ ਮਾਣ ਵਿੱਚ ਵਾਧਾ ਕਰਨ। ਆਈਆਈਟੀ ਜੈਮ ਵਰਗੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਲਈ ਉੱਚ ਸਿੱਖਿਆ, ਖੋਜ ਅਤੇ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਆਈ.ਆਈ.ਟੀ., ਐੱਨ.ਆਈ.ਟੀ. ਅਤੇ ਆਈ.ਸਰ ਵਰਗੇ ਰਾਸ਼ਟਰੀ ਸੰਸਥਾਨ ’ਚ ਦਾਖਲੇ ਦੇ ਸੁਨਹਿਰੀ ਮੌਕੇ ਪ੍ਰਦਾਨ ਕਰਦੀਆਂ ਹਨ। ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਲਗਾਤਾਰ ਅਭਿਆਸ, ਆਪਣੇ ਟੀਚੇ ਪ੍ਰਤੀ ਅਨੁਸ਼ਾਸਨ ਤੇ ਸਿਧਾਂਤਾਂ ਦੀ ਗਹਿਰਾਈ ਨਾਲ ਸਮਝ ਉਨ੍ਹਾਂ ਦੀ ਸਫਲਤਾ ਦੀ ਕੁੰਜੀ ਰਹੀ ਹੈ ਜਿਸ ਕਰਕੇ ਉਨ੍ਹਾਂ ਦਾ ਨਾਮ ਸਿਖਰਲੇ ਰੈਂਕਿੰਗ ਵਿੱਚ ਸ਼ਾਮਲ ਹੋਇਆ ਹੈ। ਇਹ ਕਾਮਯਾਬੀ ਪਿੰਡਾਂ ਦੇ ਵਿਦਿਆਰਥੀਆਂ ਲਈ ਖ਼ਾਸ ਤੌਰ ‘ਤੇ ਪ੍ਰੇਰਣਾਦਾਇਕ ਹੈ, ਕਿਉਂਕਿ ਇਹ ਦਰਸਾਉਂਦੀ ਹੈ ਕਿ ਸੀਮਿਤ ਸੰਸਾਧਨਾਂ ਦੇ ਬਾਵਜੂਦ ਵੀ ਉੱਚ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਹ ਉਪਲਬਧੀ ਨਾ ਸਿਰਫ਼ ਕਾਲਜ ਲਈ ਮਾਣ ਦੀ ਗੱਲ ਹੈ, ਸਗੋਂ ਪੂਰੇ ਇਲਾਕੇ ਲਈ ਗੌਰਵ ਦੀ ਗੱਲ ਬਣ ਗਈ ਹੈ।