ਸਰਸ ਮੇਲੇ ’ਚ ਵਿਦਿਆਰਥੀਆਂ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ
ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ
Publish Date: Tue, 24 Mar 2026 06:28 PM (IST)
Updated Date: Wed, 25 Mar 2026 04:05 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਕਰਵਾਏ ਗਏ ਦਸ ਰੋਜ਼ਾ ਸਰਸ ਮੇਲੇ ਵਿਚ ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਤੇ ਪ੍ਰਾਪਤੀਆਂ ਕੀਤੀਆਂ ਹਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਦਿਆਰਥੀਆਂ, ਮਾਪਿਆਂ, ਟੀਮ ਇੰਚਾਰਜ, ਕੋਆਰਡੀਨੇਟਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਦੇਸ ਦੇ ਵੱਖ ਵੱਖ ਰਾਜਾਂ ਤੋਂ ਆਈਆਂ ਲੋਕ ਨਾਚਾਂ ਦੀਆਂ ਟੀਮਾਂ ਦੀਆਂ ਪੇਸ਼ਕਾਰੀਆਂ ਹੋਈਆਂ, ਉੱਥੇ ਪੰਜਾਬ ਦੇ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਗੁਰੂ ਨਾਨਕ ਕਾਲਜ ਬੁਢਲ਼ਾਡਾ ਦੇ ਵਿਦਿਆਰਥੀਆਂ ਨੇ ਕੀਤੀ। ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਟੀਮ ਨੇ ਪਹਿਲਾਂ ਗਣਤੰਤਰਤਾ ਦਿਹਾੜੇ ਮੌਕੇ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਕਲਚਰ ਵਿਭਾਗ ਵੱਲੋਂ ਕਰਵਾਏ ‘ਦ ਲਾਰਜੈਸਟ ਇੰਡੀਅਨ ਫ਼ੋਕ ਵਰਾਇਟੀ ਡਾਂਸ’ ਵਿੱਚ ਸੰਸਥਾ ਦੀ ਭੰਗੜਾ ਟੀਮ ਨੇ ਹਿੱਸਾ ਲਿਆ ਅਤੇ ਗਿੰਨੀਜ਼ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਵਾ ਕੇ ਇਤਿਹਾਸ ਸਿਰਜਿਆ। ਖੇਤਰੀ ਤੇ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਯੁਵਕ ਭਲਾਈ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਇਸ ਟੀਮ ਦੀ ਪੇਸ਼ਕਾਰੀ ਬੇਹੱਦ ਸ਼ਾਨਦਾਰ ਰਹੀ। ਉਨ੍ਹਾਂ ਦੱਸਿਆ ਕਿ ਸਰਸ ਮੇਲੇ ਦੌਰਾਨ ਵੱਖ ਵੱਖ ਮੁਕਾਬਲੇ ਹੋਏ ਸਨ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਵਿਅਕਤੀਗਤ ਲੋਕ ਨਾਚ ਵਿਚ ਬੀ.ਏ. ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਵਿਅਕਤੀਗਤ ਗੀਤ ਵਿਚ ਸੰਗੀਤ ਵਿਭਾਗ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਪਹਿਰਾਵਾ ਪ੍ਰਦਰਸ਼ਨੀ ਵਿਚ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਗੁਰਪਿਆਰ ਸਿੰਘ ਨੇ ਦੂਜਾ ਸਥਾਨ ਅਤੇ ਖੁਸ਼ਵੀਰ ਮੱਟੂ ਨੇ ਕਵਿਤਾ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਰਸ ਮੇਲੇ ਸਾਇੰਸ, ਕਾਮਰਸ, ਸੰਗੀਤ, ਰਾਜਨੀਤੀ ਸ਼ਾਸਤਰ, ਕੰਪਿਊਟਰ, ਬੈਚੂਲਰ ਆਫ ਆਰਟਸ, ਫੈਸ਼ਨ ਤਕਨਾਲੋਜੀ, ਅੰਗਰੇਜ਼ੀ, ਕੌਮੀ ਸੇਵਾ ਯੋਜਨਾ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਸਰਸ ਮੇਲੇ ਵਿੱਚ ਲੈ ਕੇ ਜਾਣ ਦਾ ਮੁੱਖ ਮਨੋਰਥ ਭਾਰਤ ਦੀਆਂ ਵੱਖ-ਵੱਖ ਹੱਥ-ਕਲਾਵਾਂ, ਲੋਕ ਕਲਾਵਾਂ ਤੇ ਵਿਰਾਸਤ ਨਾਲ ਜਾਣੂ ਕਰਵਾਉਣਾ ਸੀ। ਇਸ ਤਰ੍ਹਾਂ ਦੇ ਮੇਲਿਆਂ ਰਾਹੀਂ ਵਿਦਿਆਰਥੀ ਕਲਾਕਾਰਾਂ ਦੀ ਰਚਨਾਤਮਕਤਾ, ਕਲਾਵਾਂ ਅਤੇ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਸ ਵਿੱਦਿਅਕ ਟੂਰ ਨੇ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਸਹਿਯੋਗ ਤੇ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ।