ਐਡਵੋਕੇਟ ਸ਼ਰਮਾ ਦੀ ਸ਼ੱਕੀ ਮੌਤ ਮਾਮਲੇ ਸਬੰਧੀ ਮੁੜ ਸੰਘਰਸ਼ ਆਰੰਭਿਆ ਜਾਵੇਗਾ : ਵਿਦਿਆਰਥੀ ਆਗੂ
ਐਡਵੋਕੇਟ ਦਿਲਜੋਤ ਸ਼ਰਮਾ ਇਨਸਾਫ਼ ਕਮੇਟੀ
Publish Date: Thu, 05 Feb 2026 08:31 PM (IST)
Updated Date: Thu, 05 Feb 2026 08:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਲੁਧਿਆਣਾ ਪੁਲਿਸ ਵੱਲੋਂ ਜਾਂਚ ਲਈ ਕੁਝ ਹੋਰ ਸਮਾਂ ਮੰਗਣ ’ਤੇ ਐਕਸ਼ਨ ਕਮੇਟੀ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਸੀ, ਪਰ ਹਫ਼ਤਾ ਬੀਤ ਜਾਣ ’ਤੇ ਵੀ ਪੁਲਿਸ ਨੇ ਦਿਲਜੋਤ ਮਾਮਲੇ ਵਿੱਚ ਇੱਕ ਖ਼ਿਲਾਫ਼ ਕੇਸ ਦਰਜ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਇਹ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਦਿਲਜੋਤ ਸ਼ਰਮਾ ਇਨਸਾਫ਼ ਕਮੇਟੀ ਵਿੱਚ ਸ਼ਾਮਲ ਵਿਦਿਆਰਥੀ ਜਥੇਬੰਦੀ ਆਇਸਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਐਕਸ਼ਨ ਕਮੇਟੀ ਨੂੰ ਪੁਲਿਸ ਖ਼ਿਲਾਫ਼ ਕੋਈ ਅਗਲਾ ਸੱਦਾ ਦੇਣ ਲਈ ਵਿਚਾਰ ਕਰਨਾ ਪਵੇਗਾ। ਐਕਸ਼ਨ ਕਮੇਟੀ ਦੇ ਮੈਂਬਰ ਅਤੇ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਵੱਲੋਂ ਕਿਹਾ ਗਿਆ ਕਿ ਕੇਸ ਦਰਜ ਹੋਏ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਨਾ ਨਾਮਜ਼ਦ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਨਾ ਹੀ ਪੁਲਿਸ ਅਫਸਰਾਂ ਵੱਲੋਂ ਇਸ ਕੇਸ ਸਬੰਧੀ ਹੋਰ ਸਬੰਧਿਤ ਜਾਂਚ ਪੜਤਾਲ ਕੀਤੇ ਜਾਣ ਬਾਰੇ ਕੋਈ ਰਿਪੋਰਟ ਹੈ। ਜੇਕਰ ਪੁਲਿਸ ਦੀ ਇਹ ਸਮਝ ਹੈ ਕਿ ਇਸ ਮਾਮਲੇ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਕੇਸ ਦਰਜ ਹੋਣ ਨਾਲ ਖ਼ਤਮ ਹੋ ਚੁੱਕਿਆ ਹੈ ਤਾਂ ਉਹ ਗ਼ਲਤ ਸੋਚ ਰਹੀ ਹੈ ਕਿਉਂਕਿ ਪੀੜਤ ਪਰਿਵਾਰ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਇਨਸਾਫ਼ ਲੈਣ ਤਕ ਸੰਘਰਸ਼ ਜਾਰੀ ਰੱਖਣ ਲਈ ਦ੍ਰਿੜ ਹਨ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਾ ਕਰਨ ਅਤੇ ਕੇਸ ਦੀ ਡੂੰਘਾਈ ਤਕ ਜਾਂਚ ਨਾ ਕਰਨ ਦੀ ਸੂਰਤ ਵਿੱਚ ਛੇਤੀ ਹੀ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਅਗਲੇ ਐਕਸ਼ਨ ਬਾਰੇ ਫ਼ੈਸਲਾ ਲਿਆ ਜਾਵੇਗਾ।