ਸਰਦੂਲਗੜ੍ਹ ਤੇ ਝੁਨੀਰ ਦੇ ਡੀਲਰਾਂ ਨੂੰ ਸਖ਼ਤ ਹਦਾਇਤ ਜਾਰੀ
ਖੇਤੀਬਾੜੀ ਵਿਭਾਗ ਬਲਾਕ ਸਰਦੂਲਗੜ੍ਹ
Publish Date: Thu, 23 Apr 2026 04:51 PM (IST)
Updated Date: Fri, 24 Apr 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਖੇਤੀਬਾੜੀ ਵਿਭਾਗ ਬਲਾਕ ਸਰਦੂਲਗੜ੍ਹ ਅਤੇ ਝੁਨੀਰ ਦੇ ਸਮੂਹ ਖਾਦ ਬੀਜ ਅਤੇ ਦਵਾਈ ਵਿਕਰੇਤਾ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸਾਉਣੀ ਸੀਜ਼ਨ ਦੌਰਾਨ ਨਰਮੇ ਅਤੇ ਝੋਨੇ ਦੀ ਫ਼ਸਲ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਡਾ . ਹਰਵਿੰਦਰ ਸਿੰਘ ਸਿੱਧੂ ਨੇ ਡੀਲਰਾਂ ਨੂੰ ਨਰਮੇ ਅਤੇ ਝੋਨੇ ਦੇ ਅਸਲੀ ਅਤੇ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਮਨਜ਼ੂਰਸ਼ੁਦਾ ਬੀਜ ਹੀ ਵਿਕਰੀ ਲਈ ਉਪਲੱਬਧ ਕਰਵਾਉਣ ਤਾਂ ਜੋ ਕਿਸਾਨਾ ਨੂੰ ਉੱਚ ਗੁਣਵੱਤਾ ਵਾਲਾ ਬੀਜ ਮਿਲ ਸਕੇ ਅਤੇ ਪੈਦਾਵਾਰ ਵਿੱਚ ਵਾਧਾ ਹੋਵੇ। ਉਨ੍ਹਾਂ ਸਿਰਫ਼ ਪੱਕੇ ਬਿੱਲ ਉੱਤੇ ਹੀ ਬੀਜ ਵੇਚਣ ਅਤੇ ਉਸ ਦਾ ਰਿਕਾਰਡ ਰਜਿਸਟਰ ਵਿੱਚ ਦਰਜ ਕਰਨ ਲਈ ਕਿਹਾ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਲੇਖ ਅਮਨ ਕੁਮਾਰ ਮਹਿਲਾ ਨੇ ਨਰਮੇ ਤੇ ਆਉਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਸਬੰਧੀ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ, ਡਾ. ਗੁਰਿੰਦਰਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸਰਦੂਲਗੜ੍ਹ, ਡਾ. ਨਵਕਰਨਜੋਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਝੁਨੀਰ, ਡਾ. ਅਮ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਝੁਨੀਰ ਤੋਂ ਇਲਾਵਾ ਪੈਸਟਿਸਾਈਡ ਯੂਨੀਅਨ ਸਰਦੂਲਗੜ੍ਹ ਦੇ ਪ੍ਰਧਾਨ ਮਨੀਸ਼ ਕੁਮਾਰ,ਬਲਾਕ ਸਰਦੂਲਗੜ੍ਹ ਅਤੇ ਝੁਨੀਰ ਦੇ ਖਾਦ ਬੀਜ ਅਤੇ ਦਵਾਈ ਵਿਕਰੇਤਾ ਹਾਜ਼ਰ ਸਨ।