- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸੂਬਾਈ ਵਫ਼ਦ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਦੀ ਅਗਵਾਈ ਹੇਠ ਪਟਿਆਲਾ ਤੋਂ ਐੱਮਪੀ ਡਾ. ਧਰਮਵੀਰ ਗਾਂਧੀ ਨੂੰ ਮਿਲਿਆ। ਜਥੇਬੰਦੀ ਵੱਲੋਂ ਡਾ. ਗਾਂਧੀ ਨੂੰ ਤਜ਼ਰਬੇਕਾਰ ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਮਾਨਤਾ ਦੀ ਚਿਰੋਕਣੀ ਮੰਗ ਨੂੰ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਭਾਰਤ ਸਰਕਾਰ ਦੇ ਧਿਆਨ 'ਚ ਲਿਆਉਣ ਸਬੰਧੀ ਵੱਖ-ਵੱਖ ਸੂਬਿਆਂ ਬਿਹਾਰ, ਪੱਛਮੀ ਬੰਗਾਲ ਅਤੇ ਰਾਜਸਥਾਨ ਵਿੱਚ ਉਕਤ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਸਬੰਧੀ ਕੀਤੀ ਗਈ ਚਾਰਾਜੋਈ ਸਬੰਧੀ ਦਸਤਾਵੇਜ਼ ਅਤੇ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਗੋਇਲ ਨੇ ਕਿਹਾ ਕਿ ਐਸੋਸੀਏਸ਼ਨ ਦੀ ਸੂਬਾਈ ਲੀਡਰਸ਼ਿਪ ਵੱਲੋਂ ਪਹਿਲਾਂ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਸਥਾਰਿਤ ਗੱਲਬਾਤ ਕਰ ਚੁੱਕੇ ਹਾਂ। ਇਹ ਮਾਮਲਾ ਜਿੱਥੇ ਭਾਰਤ ਦੇ ਲਗਪਗ 60 ਲੱਖ ਦੇ ਕਰੀਬ ਤਜ਼ਰਬੇਕਾਰ ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਜੋ ਦੇਸ਼ 'ਚ ਤਕਰੀਬਨ ਪਿਛਲੇ ਪੰਜਾਹ ਸਾਲਾਂ ਤੋਂ ਪਿੰਡਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਤੋਂ ਇਲਾਵਾ ਦੂਰ-ਦੁਰਾਡੇ ਢਾਣੀਆਂ ਅਤੇ ਝੁਗੀਆਂ, ਝੌਂਪੜੀਆਂ 'ਚ ਵਸਦੇ ਸਰਕਾਰੀ ਸਹੂਲਤਾਂ ਤੋਂ ਸੱਖਣੇ ਲੋੜਵੰਦ ਲੋਕਾਂ ਨੂੰ 24 ਘੰਟੇ ਸਸਤੀਆਂ, ਸੋਖੀਆਂ ਅਤੇ ਉਧਾਰੀਆਂ ਸੁਧਾਰੀਆਂ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ ਅਤੇ ਸਰਕਾਰ ਦੇ ਹਰ ਇੱਕ ਨੂੰ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਘਰ-ਘਰ ਪਹੁੰਚਾਉਣ ਦੇ ਵਾਅਦੇ ਦੀ ਪੂਰਤੀ ਦੇ ਨਾਲ ਆਪਣਾ ਸਵੈਰੁਜ਼ਗਾਰ ਵੀ ਚਲਾ ਰਹੇ ਹਨ ਨਾਲ ਸਬੰਧਿਤ ਹੈ।
ਉਨ੍ਹਾਂ ਕਿਹਾ ਕਿ ਉਕਤ ਮੈਡੀਕਲ ਪ੍ਰੈਕਟੀਸ਼ਨਰਜ਼ ਸਰਕਾਰ ਵੱਲੋਂ ਚਲਾਏ ਨੈਸ਼ਨਲ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ 'ਚ ਵੀ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ। ਪਿਛਲੇ ਦੌਰ ਦੌਰਾਨ ਕੋਰੋਨਾ ਕਾਲ ਸਮੇਂ ਜਦੋਂ ਪ੍ਰਾਈਵੇਟ ਹਸਪਤਾਲਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਬੰਦ ਹੋ ਗਏ ਸਨ ਤਾਂ ਇਨ੍ਹਾਂ ਨੇ ਹੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਗਲੇ ਲਗਾ ਕੇ ਮੁੱਢਲੀਆਂ ਸਿਹਤ ਸਹੂਲਤਾਂ ਜਾਰੀ ਰੱਖੀਆਂ ਅਤੇ ਜਨਤਾ ਨੂੰ ਦਹਿਸ਼ਤ ਦੇ ਛਾਏ ’ਚੋਂ ਕੱਢਣ ਅਤੇ ਲੋੜਵੰਦਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖਾਣਾ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ’ਚ ਵਰਤੋਂ ਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ। ਇਸ ’ਤੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਦੀ ਵੱਡੀ ਵਸੋਂ ਨੂੰ ਪਿੰਡਾਂ ਅਤੇ ਸ਼ਹਿਰੀ ਖੇਤਰ ਦੀਆਂ ਗ਼ਰੀਬ ਬਸਤੀਆਂ ਲਈ ਮੁੱਢਲੀਆਂ ਸਿਹਤ ਸਹੂਲਤਾਂ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਇਲਾਵਾ ਸਰਕਾਰ ਕੋਲ ਕੋਈ ਵੀ ਢੁੱਕਵਾਂ ਬਦਲ ਨਹੀਂ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸ਼ਲਾਘਾਯੋਗ ਹਨ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਸ਼ਾਰਟ ਟਰਮ ਟ੍ਰੇਨਿੰਗ ਪ੍ਰੋਗਰਾਮ ਜਾਂ ਬ੍ਰਿਜ ਕੋਰਸ ਕਰਵਾ ਕੇ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਿਹਤ ਸਕੀਮਾਂ 'ਚ ਵੀ ਇਨ੍ਹਾਂ ਦੀਆਂ ਸੇਵਾਵਾਂ ਲੈਣ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰੇ। ਇਸ ਨਾਲ ਲੱਖਾਂ ਪਰਿਵਾਰ ਵੀ ਉਜਾੜੇ ਤੋਂ ਬਚ ਸਕਦੇ ਹਨ। ਸਵੈਰੁਜ਼ਗਾਰ ਚਲਾ ਰਹੇ ਉਕਤ ਮੈਡੀਕਲ ਪ੍ਰੈਕਟੀਸ਼ਨਰਜ਼ ਤੋਂ ਸੇਵਾਵਾਂ ਲੈਣ ਵਾਲੇ ਕਰੋੜਾਂ ਲੋਕਾਂ ਦੀਆਂ ਸਿਹਤ ਸੇਵਾਵਾਂ ਵੀ ਚਲਦੀਆਂ ਰਹਿਣਗੀਆਂ। ਡਾ. ਗਾਂਧੀ ਨੇ ਸੂਬਾਈ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਵੱਲੋਂ ਅਤੇ ਆਪਣੀ ਪਾਰਟੀ ਵੱਲੋਂ ਸੈਸ਼ਨ ਦੌਰਾਨ ਇਸ ਅਹਿਮ ਮਸਲੇ ਨੂੰ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਮੰਗ ਕਰਾਂਗਾ ਕਿ ਕੋਈ ਪਾਰਟ ਟਾਈਮ ਟ੍ਰੇਨਿੰਗ ਕੋਰਸ ਰਾਹੀਂ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦਾ ਕਾਨੂੰਨੀ ਅਧਿਕਾਰ ਦਿੱਤਾ ਜਾਵੇ। ਵਫਦ 'ਚ ਸੂਬਾ ਸਹਾਇਕ ਵਿੱਤ ਸਕੱਤਰ ਤਾਰਾ ਚੰਦ ਭਾਵਾ, ਸੂਬਾਈ ਆਗੂ ਵੈਦ ਬਲਵੀਰ ਸਿੰਘ ਬਰੇਟਾ ਅਤੇ ਜਗਤਾਰ ਸਿੰਘ ਫੂਲ, ਬਲਾਕ ਲਹਿਰਾਗਾਗਾ ਦੇ ਆਗੂ ਰਾਜ ਕੁਮਾਰ, ਦਲੇਲ ਸਿੰਘ, ਸੁਖਜਿੰਦਰ ਸਿੰਘ, ਪਾਲ ਸਿੰਘ ਅਤੇ ਬਲਾਕ ਬਰੇਟਾ ਤੋਂ ਸਤੀਸ਼ ਬਰੇਟਾ, ਬੰਟੂ ਸ਼ਰਮਾ ਅਤੇ ਰਸ਼ਪਾਲ ਸਿੰਘ ਆਦਿ ਵੀ ਸ਼ਾਮਲ ਸਨ।