- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈ ਭਾਗੋ ਸੰਸਥਾ ਰੱਲਾ ਵਿਖੇ ਪੰਜਾਬੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਈ ਭਾਗੋ ਸੰਸਥਾ ਰੱਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਅਗਵਾਈ ਹੇਠ ਚੱਲ ਰਹੇ ਐੱਨਐੱਸਐੱਸ ਕੈਂਪ ਦੇ ਦੂਸਰੇ ਦਿਨ ‘ਮਾਤ ਭਾਸ਼ਾ ਅਤੇ ਸੱਭਿਆਚਾਰ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਪਣੀ ਮਾਤ ਭਾਸ਼ਾ ਪ੍ਰਤੀ ਸੁਚੇਤ ਕਰਨਾ ਅਤੇ ਸੱਭਿਆਚਾਰਕ ਮੁੱਲਾਂ ਦੀ ਮਹੱਤਤਾ ਬਾਰੇ ਚੇਤਨਾ ਪੈਦਾ ਕਰਨਾ ਸੀ। ਇਸ ਮੌਕੇ ਪ੍ਰੋ. ਗੁਰਦੀਪ ਸਿੰਘ, ਗੁਰੂ ਨਾਨਕ ਕਾਲਜ ਬੁਢਲਾਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਹਾਇਕ ਪ੍ਰੋ. ਸ਼ਮਸੇਰ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਅਤੇ ਸੱਭਿਆਚਾਰ ਦੀ ਅਹਿਮੀਅਤ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਮਨੁੱਖ ਦੀ ਪਛਾਣ ਦਾ ਅਤੁੱਟ ਹਿੱਸਾ ਹੁੰਦੀ ਹੈ ਅਤੇ ਇਹ ਸਾਡੀ ਸੋਚ, ਜੀਵਨ ਜਾਂਚ ਅਤੇ ਸਮਾਜਿਕ ਮੁੱਲਾਂ ਨੂੰ ਆਕਾਰ ਦਿੰਦੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਪ੍ਰੋ. ਗੁਰਦੀਪ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਮਨੁੱਖ ਦੀ ਪਛਾਣ ਅਤੇ ਸ਼ਖ਼ਸੀਅਤ ਦੀ ਬੁਨਿਆਦ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਾਤ ਭਾਸ਼ਾ ਰਾਹੀਂ ਹੀ ਬੱਚੇ ਦੀ ਸੋਚ, ਜਗਿਆਸਾ ਅਤੇ ਵਿਅਕਤਿਤਵ ਦਾ ਸਮੂਹਿਕ ਵਿਕਾਸ ਹੁੰਦਾ ਹੈ, ਇਸ ਲਈ ਇਸ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਹਰ ਨੌਜਵਾਨ ਦੀ ਨੈਤਿਕ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਸੱਭਿਆਚਾਰ ਸਾਡੀ ਜੀਵਨਸ਼ੈਲੀ, ਰਸਮ-ਰਿਵਾਜਾਂ, ਭਾਸ਼ਾਈ ਅਭਿਵਿਅਕਤੀ ਅਤੇ ਨੈਤਿਕ ਮੁੱਲਾਂ ਦਾ ਦਰਪਣ ਹੈ। ਜੇਕਰ ਨੌਜਵਾਨ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿੰਦੇ ਹਨ ਤਾਂ ਉਹ ਆਪਣੀ ਵਿਰਾਸਤ ਅਤੇ ਇਤਿਹਾਸ ਨਾਲ ਵੀ ਮਜ਼ਬੂਤੀ ਨਾਲ ਜੁੜੇ ਰਹਿੰਦੇ ਹਨ। ਗਲੋਬਲ ਯੁੱਗ ਵਿੱਚ ਹੋਰ ਭਾਸ਼ਾਵਾਂ ਸਿੱਖਣੀ ਲਾਜ਼ਮੀ ਹੈ, ਪਰ ਆਪਣੀ ਮਾਤ ਭਾਸ਼ਾ ਨੂੰ ਅਣਡਿੱਠਾ ਕਰਨਾ ਆਪਣੇ ਮੂਲ ਨਾਲੋਂ ਟੁੱਟ ਜਾਣਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਤਰਜੀਹ ਦੇਣ, ਪੰਜਾਬੀ ਸਾਹਿਤ ਪੜ੍ਹਨ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਵਰਗੇ ਮੰਚ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ, ਜਿਸ ਨਾਲ ਉਹ ਚੰਗੇ ਨਾਗਰਿਕ ਬਣ ਕੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਪ੍ਰੋਗਰਾਮ ਦੇ ਅਖੀਰ ਵਿੱਚ ਸਹਾਇਕ ਪ੍ਰੋ. ਧੀਰਾ ਸਿੰਘ ਨੇ ਧੰਨਵਾਦੀ ਸ਼ਬਦ ਆਖਦਿਆਂ ਕੈਂਪ ਦੇ ਮੁੱਖ ਮਕਸਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਅਗਵਾਈ ਅਤੇ ਸੇਵਾ ਭਾਵਨਾ ਦਾ ਵਿਕਾਸ ਕਰਨਾ ਹੈ, ਤਾਂ ਜੋ ਉਹ ਇੱਕ ਚੰਗੇ ਨਾਗਰਿਕ ਵਜੋਂ ਸਮਾਜ ਦੀ ਭਲਾਈ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਅਤੇ ਆਫਿਸ ਐਡਮਨਿਸਟ੍ਰੇਟਰ ਲਵਪ੍ਰੀਤ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਐੱਨਐੱਸਐੱਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪ੍ਰੋਗਰਾਮ ਅਫਸਰ ਪਰਮਜੀਤ ਕੌਰ ਅਤੇ ਪਰਗਟ ਸਿੰਘ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਸਨ।