- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰਾਸਤ ’ਚ ਮਿਲੀ ਗੁੜ੍ਹਤੀ ਤੋਂ ਮੜੀ ਤੱਕ ਸੀਪੀਆਈ

-ਭੋਗ ’ਤੇ ਵਿਸ਼ੇਸ਼-
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਵਿਰਾਸਤ ’ਚ ਮਿਲੀ ਗੁੜ੍ਹਤੀ ਤੋਂ ਮੜੀ ਤੱਕ ਸੀਪੀਆਈ ਦੇ ਵਫ਼ਾਦਾਰ ਸਿਪਾਹੀ ਕਾਮਰੇਡ ਮਿੱਠੂ ਸਿੰਘ ਮੰਦਰਾਂ ਨੇ ਆਪਣੀ ਵਿਰਾਸਤ ’ਚ ਮਿਲੇ ਸੰਸਕਾਰਾਂ ਨਾਲ ਆਪਣਾ ਜੀਵਨ ਸਫ਼ਰ ਤੈਅ ਕੀਤਾ। ਉਨ੍ਹਾਂ ਨੂੰ ਖੱਬੇ ਪੱਖੀ ਲਹਿਰ ਦੀ ਚੇਟਕ ਆਪਣੇ ਦਾਦਾ ਕਾਮਰੇਡ ਕਰਤਾਰ ਸਿੰਘ ਮੰਦਰਾਂ ਵੱਲੋਂ ਮਿਲੀ ਗੁੜ੍ਹਤੀ ਤੋਂ ਮਿਲੀ, ਜਿਹੜੇ ਕਿ ਉਸ ਸਮੇਂ ਦੇ ਪਾਰਟੀ ਦੇ ਸੀਨੀਅਰ ਖੇਤ ਮਜ਼ਦੂਰਾਂ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ। ਧੀ, ਦੋਹਤਾ ਦੋਹਤੀ, ਨੂੰਹਾਂ, ਪੋਤੀਆਂ ਸਮੇਤ ਧਰਮਪਤਨੀ ਨੂੰ ਹਰ ਸਮੇਂ ਦਿਲਾਸਾ ਦੇਣ, ਮਾਨਸਿਕ ਪ੍ਰੇਸ਼ਾਨੀਆਂ ਨਾਲ ਜੁਝਣ ਵਾਲੇ ਸਾਥੀ ਨੂੰ 18 ਮਾਰਚ ਦੀ ਸਵੇਰ ਨੇ ਬ੍ਰੇਨ ਹੈਮਰੇਜ ਵਜੋਂ ਘੇਰਿਆ, ਪਰਿਵਾਰ ਵੱਲੋਂ ਜੇਰੇ ਇਲਾਜ ਡੀ ਐੱਮ ਸੀ ਲੁਧਿਆਣਾ ਭਰਤੀ ਕਰਵਾਇਆ, ਇੱਕ ਦਿਨ ਤੇ ਰਾਤ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਆਖ਼ਰ 19 ਮਾਰਚ ਨੂੰ ਪਰਿਵਾਰ ਪਾਰਟੀ ਤੇ ਸੁਨੇਹੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 29 ਮਾਰਚ 2026 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਸਾਹਮਣੇ ਸਵਰਾਜ ਟਰੈਕਟਰ ਏਜੰਸੀ ਲਿੰਕ ਰੋਡ ਮਾਨਸਾ ਵਿਖੇ ਹੋਵੇਗੀ। ਇਸ ਮੌਕੇ ਧਾਰਮਿਕ, ਸਮਾਜਿਕ ਤੇ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਪਰਿਵਾਰ ਵਿੱਚ ਮਾਰਕਸਵਾਦੀ ਵਿਚਾਰਧਾਰਾ ਦੇ ਮਾਹੌਲ ਹੇਠ ਮਿੱਠੂ ਸਿੰਘ ਦਾ ਜਨਮ 68 ਸਾਲ ਮਾਨਸਾ ਤਹਿਸੀਲ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ। ਉਨ੍ਹਾਂ ਮੁੱਢਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਆਈਟੀਆਈ ਬੁਢਲਾਡਾ ਤੋਂ ਇਲੈਕਟ੍ਰਿਕ ਦਾ ਡਿਪਲੋਮਾ ਕੀਤਾ ਗਿਆ। ਉਸ ਸਮੇਂ ਬੁਢਲਾਡਾ ਆਈਟੀਆਈ ਖੱਬੇ ਪੱਖੀਆਂ ਦੀ ਨਰਸਰੀ ਵਜੋਂ ਜਾਣੀ ਜਾਂਦੀ ਹੋਣ ਕਾਰਨ ਉਨ੍ਹਾਂ ਤੇ ਹੋਰ ਡੂੰਘਾ ਪ੍ਰਭਾਵ ਪਿਆ। ਇਸ ਕਰਕੇ ਉਨ੍ਹਾਂ ਸੀਪੀਆਈ ਦੀ ਵਿਦਿਆਰਥੀ ਜਥੇਬੰਦੀ ਏਆਈ ਐਸ਼ ਐਫ਼ ਦੇ ਮੈਂਬਰ ਬਣੇ ਤੇ ਸੰਘਰਸ਼ ਵਿੱਚ ਕੁੱਦੇ। 1981 ਦੇ ਸਮੇਂ ਉਨ੍ਹਾਂ ਦੀ ਸ਼ਾਦੀ ਧਿੰਗੜ ਵਾਸ਼ੀ ਭਰਪੂਰ ਕੌਰ ਨਾਲ ਹੋਈ ਤੇ ਉਨ੍ਹਾਂ ਦੇ ਘਰ ਤਿੰਨ ਬੱਚੇ ਗੁਰਮੀਤ ਕੌਰ, ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਪੈਦਾ ਹੋਏ।
1983-84 ਦੇ ਦੌਰ ਸਮੇਂ ਹੋਂਦ ਵਿਚ ਆਈ ਧਾਗਾ ਮਿੱਲ ਵਿੱਚ ਬਤੌਰ ਇਲੈਕਟ੍ਰਿਕ ਭਰਤੀ ਹੋਏ ਤੇ ਸਮੁੱਚੇ ਕਾਮਿਆਂ ਨੂੰ ਵਿਚਾਰਧਾਰਕ ਧਾਗਾ ਮਿੱਲ ਵਰਕਰਜ ਯੂਨੀਅਨ ਏਟਕ ਸੰਗਠਨ ਬਣਾਇਆ, ਜਿਸ ਦੇ ਉਹ ਖੁਦ ਪਹਿਲੇ ਜਨਰਲ ਸਕੱਤਰ ਬਣੇ ਤੇ ਲੰਮੇ ਸਮੇਂ ਤੱਕ ਰਹਿੰਦਿਆਂ ਆਪਣੇ ਸਾਥੀ ਕਾਮਿਆਂ ਦੀਆਂ ਹੱਕੀ ਮੰਗਾਂ ਲਈ ਮਿੱਲ ਦੀ ਪ੍ਰਬੰਧਕੀ ਕਮੇਟੀ ਨਾਲ ਮੋਹਰੀ ਹੋ ਕੇ ਮੱਥਾ ਲਾਇਆ। ਪਰਿਵਾਰ ਦੀ ਪ੍ਰਵਰਿਸ਼ ਰੋਜ਼ੀ-ਰੋਟੀ ਤੇ ਪਾਰਟੀ ਸੇਵਾਵਾਂ ਨਾਲੋਂ ਨਾਲ ਜਾਰੀ ਚਲਦੀਆਂ ਰਹੀਆਂ। ਆਪਣੇ ਆਗੂਆਂ ਕਾਮਰੇਡ ਬੂਟਾ ਸਿੰਘ, ਕਾ. ਹਰਦੇਵ ਸਿੰਘ ਅਰਸੀ ਸਮੇਤ ਲੀਡਰਸ਼ਿਪ ਦੇ ਸੰਪਰਕ ਵਿੱਚ ਰਹੇ। ਸੂਬੇ ਵਿੱਚ ਅੱਤਵਾਦ ਦੇ ਸਿਖ਼ਰਲੇ ਸਮੇਂ 1991 ਵਿੱਚ ਸਾਥੀ ਮਿੱਠੂ ਸਿੰਘ ਮੰਦਰਾਂ ਹੋਮਗਾਰਡ ਦਾ ਸਿਪਾਹੀ ਬਣਿਆ ਤੇ ਕਾਲੇ ਦੌਰ ਨੂੰ ਆਪਣੇ ਪਿੰਡੇ ਤੇ ਹੰਢਾਇਆ। ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਚੁਣੇ ਗਏ ਇਹਨਾਂ ਹੋਮਗਾਰਡਾ ਨੂੰ ਤੱਤਕਾਲੀ ਹਕੁਮਤ ਨੇ ਕੋਈ ਆਰਥਿਕ ਤੇ ਭਵਿੱਖੀ ਲਾਭ ਤੋਂ ਵਾਂਝੇ ਰੱਖਿਆ। ਇੱਕ ਸੁਝਵਾਨ, ਸੰਵੇਦਨਸ਼ੀਲ ਤੇ ਲੋਕ ਸੰਘਰਸ਼ਾਂ ਦਾ ਮੋਹਰੀ ਆਗੂ ਹੋਣ ਕਰਕੇ ਆਪਣੇ ਹੱਕਾਂ ਤੇ ਵੱਜ ਰਹੇ ਡਾਕੇ ਖ਼ਿਲਾਫ਼ ਪੰਜਾਬ ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੰਗਠਨ ਵੱਲੋਂ ਲੜਿਆ ਤੇ ਜਥੇਬੰਦੀ ਦੇ ਸੂਬਾਈ ਆਗੂ ਵਜੋਂ ਸੇਵਾਵਾਂ ਨਿਭਾਈਆਂ। ਕਾਮਰੇਡ ਮਿੱਠੂ ਸਿੰਘ ਮੰਦਰਾਂ ਸੱਚਮੁੱਚ ਕੁਲਵੰਤ ਸਿੰਘ ਵਿਰਕ ਦੀ ਕਹਾਣੀ "ਧਰਤੀ ਹੇਠਲਾ ਬਲਦ " ਜਾਪਦਾ ਰਿਹਾ, ਸਭ ਪਹਿਲਾਂ ਉਸਨੇ ਆਪਣੀ ਧੀ ਦੇ ਸੁਹਾਗ ਨੂੰ ਭਰ ਜਵਾਨੀ ਤੁਰਦਾ ਵੇਖਿਆ ਉਸਦੇ ਹਰ ਗਮ ਨੂੰ ਆਪਣੇ ਗਲ ਲਾਇਆ। ਹੋਣੀ ਇਹ ਸਭ ਕੁਝ ਕਰਕੇ ਵੀ ਖੁਸ਼ ਨਹੀਂ ਹੋਈ ਕਿ ਉਸਦੇ ਛੋਟੇ ਬੇਟੇ ਗਗਨਦੀਪ ਸਿੰਘ 25 ਜ਼ੋ ਭਰ ਜਵਾਨੀ ਸੜਕ ਹਾਦਸੇ ਕਰਕੇ ਵਿਛੜਿਆ।ਪਾਰਟੀ ਦੇ ਹਰ ਸੰਘਰਸ਼ ਤੇ ਪ੍ਰੋਗਰਾਮ ’ਚ ਸ਼ਾਮਲ ਹੁੰਦਾ ਰਿਹਾ। ਇਕ ਦਿਨ ਤੇ ਰਾਤ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਆਖ਼ਰ 19 ਮਾਰਚ ਨੂੰ ਪਰਿਵਾਰ ਪਾਰਟੀ ਤੇ ਸੁਨੇਹੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ।