- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਮੁੱਖ ਸਾਹਿਤਕਾਰ ਤੇ ਦਰਵੇਸ਼ ਸਿਆਸਤਦਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਪ੍ਰਮੁੱਖ ਸਾਹਿਤਕਾਰ ਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੀ 50ਵੀਂ ਬਰਸੀ ਨੂੰ ਸਮੱਰਪਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵੱਲੋਂ ਇਕ ਵਿਸ਼ੇਸ਼ ਇਕੱਤਰਤਾ ਸਥਾਨਿਕ ਨਹਿਰੂ ਮੈਮੋਰੀਅਲ ਕਾਲਜ ਦੇ ਪ੍ਰਿੰਸੀਪਲ ਡਾ. ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ। ਇਸ ਵਿਚ ਇਨ੍ਹਾਂ ਦੇ ਸਾਹਿਤਕ ਤੇ ਸਿਆਸੀ ਯੋਗਦਾਨ ‘ਤੇ ਚਰਚਾ ਕੀਤੀ ਗਈ। ਸ਼ੁਰੂ ਵਿਚ ਵਿਭਾਗ ਦੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਸਿੰਘ ਨੇ ਸੁਆਗਤੀ ਸ਼ਬਦ ਆਖਦਿਆਂ ਦੱਸਿਆ ਕਿ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀ ਸ਼ਖ਼ਸੀਅਤ ਸਾਹਿਤ ਅਤੇ ਸਿਆਸਤ ਦੇ ਜੈਵਿਕ ਸੰਬੰਧ ਦੀ ਪ੍ਰਤੀਕ ਹੈ। ਇਨ੍ਹਾਂ ਦੀ ਰਚਨਾ ਅਤੇ ਜੀਵਨ ਇਹ ਸਾਬਤ ਕਰਦੇ ਹਨ ਕਿ ਸੰਵੇਦਨਸ਼ੀਲ ਸਾਹਿਤਕਾਰ ਸਮਾਜਿਕ ਬਦਲਾਅ ਦੇ ਸੰਘਰਸ਼ ਵਿੱਚ ਸਿਰਫ਼ ਦਰਸ਼ਕ ਨਹੀਂ, ਸਗੋਂ ਸਰਗਰਮ ਭਾਗੀਦਾਰ ਹੁੰਦਾ ਹੈ। ਚਰਚਾ ਨੂੰ ਅੱਗੇ ਵਧਾਉਂਦਿਆਂ ਪ੍ਰੋ. ਸੁਖਦੀਪ ਸਿੰਘ ਨੇ ਕਹਾਣੀ ‘ਸਤਾਈ ਜਨਵਰੀ‘ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਿਆਨੀ ਜੀ ਸੱਚ ਮੁੱਚ ਦੇ ਸਾਹਿਤਕਾਰ ਤੇ ਸਿਆਸਤਦਾਨ ਸਨ ਜਿਨ੍ਹਾਂ ਦੇ ਆਮ ਲੋਕਾਂ ਦੇ ਦੇ ਦੁੱਖਾਂ ਸੁੱਖਾਂ ਦੀ ਬਾਤ ਪਾਈ ਹੈ, ਜੋ ਅੱਜ ਦੇ ਸਿਆਸਤਦਾਨਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਪ੍ਰੋ. ਰਵਿੰਦਰ ਸਿੰਘ ਅਤੇ ਪ੍ਰੋ. ਕੁਲਦੀਪ ਸਿੰਘ ਨੇ ਇਨ੍ਹਾਂ ਦੀ ਕਹਾਣੀ ‘ ਬਾਗੀ ਦੀ ਧੀ ‘ ਦੀ ਗੱਲ ਕਰਦਿਆਂ ਕਿਹਾ ਕਿ ਗਿਆਨੀ ਜੀ ਨੇ ਆਜ਼ਾਦੀ ਸੰਘਰਸ਼ ਵਿਚ ਉਨ੍ਹਾਂ ਆਮ ਲੋਕਾਂ ਦੀ ਗੱਲ ਕੀਤੀ ਹੈ, ਜਿੰਨਾ ਦਾ ਨਾਂ ਭਾਵੇਂ ਲੋਕਾਂ ਨੂੰ ਚਿੱਤ ਚੇਤੇ ਵੀ ਨਹੀਂ, ਪਰ ਉਨ੍ਹਾਂ ਦਾ ਯੋਗਦਾਨ ਅਹਿਮ ਸੀ। ਵਿਭਾਗ ਦੇ ਅਹਿਮ ਕਾਰਜਾਂ ਦੀ ਸ਼ਲਾਘਾ ਕਰਦਿਆਂ ਡਾ. ਹਰਦੀਪ ਸਿੰਘ ਨੇ ਆਪਣੀ ਪ੍ਰਧਾਨਗੀ ਟਿੱਪਣੀ ਵਿਚ ਕਿਹਾ ਕਿ ਗਿਆਨੀ ਜੀ ਨਾਅਰੇਬਾਜ਼ ਸਿਆਸਤ ਦੇ ਪ੍ਰਤਿਨਿਧੀ ਨਹੀਂ, ਸਗੋਂ ਮਾਨਵੀ ਸੰਵੇਦਨਾ ਨਾਲ ਭਰਪੂਰ ਇੱਕ ਵਿਚਾਰਕ ਸਨ, ਜਿਨ੍ਹਾਂ ਲਈ ਵਿਚਾਰਧਾਰਾ ਕਿਸੇ ਕੱਟੜ ਸਿਆਸੀ ਸਿਧਾਂਤ ਦੀ ਥਾਂ ਮਨੁੱਖੀ ਪੀੜਾ ਦੇ ਇਨਸਾਫ਼ ਦੀ ਪ੍ਰਾਪਤੀ ਅਤੇ ਮਾਨਵੀ ਮੁੱਲਾਂ ਦੀ ਪੁਨਰਸਥਾਪਨਾ ਦਾ ਸਾਧਨ ਸੀ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪ੍ਰਮੁੱਖ ਸਾਹਿਤਕਾਰ ਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ। ਸਾਲ 1966 ਵਿੱਚ ਜਦ ਭਾਸ਼ਾ ਦੇ ਆਧਾਰ ‘ਤੇ ਨਵ-ਪੰਜਾਬ ਦੀ ਸਿਰਜਣਾ ਹੋਈ, ਉਸ ਸਮੇਂ ਮੁਸਾਫ਼ਿਰ ਪੰਜਾਬ ਦੇ ਮੁੱਖ ਮੰਤਰੀ ਸਨ। ਉਨ੍ਹਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਾਣ ਵਧਾਉਣ ਲਈ ਅਣਥੱਕ ਯਤਨ ਕੀਤੇ। ਇਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਰਸਾਲਾ “ਜਨ ਸਾਹਿਤ” ਇਸ ਵਾਰ ਉਨ੍ਹਾਂ ਦੀ 50 ਵੀਂ ਬਰਸੀ ਨੂੰ ਸਮਰਪਿਤ ਕਰਦਿਆਂ “ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ” ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਦੁਆਰਾ ਸਾਹਿਤ ਤੇ ਸਿਆਸਤ ‘ਚ ਪਾਏ ਯੋਗਦਾਨ ਨੂੰ ਦਰਸਾਉਂਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਦੇ ਵਿਦਵਾਨਾਂ ਤੋਂ ਰਚਨਾਵਾਂ ਦੀ ਮੰਗ ਕੀਤੀ। ਇਸ ਮੌਕੇ ਪ੍ਰੋ. ਅਵਿਨਾਸ਼ ਕੁਮਾਰ, ਸਰਬਜੀਤ ਸਿੰਘ, ਜੁਗਰਾਜ ਸਿੰਘ ਅਤੇ ਓਮ ਪ੍ਰਕਾਸ਼ ਵੀ ਮੌਜੂਦ ਸਨ।