ਸਿਲਵਰ ਓਕਸ ਸਕੂਲ ’ਚ ਸਮਰ ਕੈਂਪ ‘ਸਿਨਰਜੀ – 2’ ਦਾ ਰੰਗਾਰੰਗ ਸਮਾਪਨ
ਸਿਲਵਰ ਓਕਸ ਸਕੂਲ, ਰਾਮਪੁਰਾ ਰੋਡ
Publish Date: Mon, 08 Jun 2026 05:59 PM (IST)
Updated Date: Mon, 08 Jun 2026 06:02 PM (IST)

ਸਿਲਵਰ ਓਕਸ ਸਕੂਲ, ਰਾਮਪੁਰਾ ਰੋਡ, ਬਠਿੰਡਾ ਵਿਖੇ ਅੱਠ ਦਿਨਾਂ ਤੱਕ ਚੱਲੇ ਸਮਰ ਕੈਂਪ ‘ਸਿਨਰਜੀ–2’ ਦਾ ਸ਼ਾਨਦਾਰ ਅਤੇ ਰੰਗਾਰੰਗ ਸਮਾਪਨ ਸਮਾਰੋਹ ਕਰਵਾਇਆ ਗਿਆ। ਸਿੱਖਣ, ਰਚਨਾਤਮਕਤਾ, ਖੋਜ ਅਤੇ ਮਨੋਰੰਜਨ ਨਾਲ ਭਰਪੂਰ ਇਸ ਕੈਂਪ ਨੇ ਵਿਦਿਆਰਥੀਆਂ ਨੂੰ ਆਪਣੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਨਵੇਂ ਤਜਰਬੇ ਹਾਸਲ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕੀਤਾ। ਸਮਾਪਨ ਸਮਾਰੋਹ ਵਿਚ ਸਕੂਲ ਦੀ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਅਤੇ ਸਿਲਵਰ ਓਕਸ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਨਵਦੀਪ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਦਿਖਾਏ ਗਏ ਉਤਸ਼ਾਹ, ਅਨੁਸ਼ਾਸਨ ਅਤੇ ਰਚਨਾਤਮਕ ਸੋਚ ਦੀ ਭਰਪੂਰ ਸ਼ਲਾਘਾ ਕੀਤੀ। ਨਾਲ ਹੀ ਅਧਿਆਪਕਾਂ ਅਤੇ ਸਹਾਇਕ ਸਟਾਫ਼ ਦੇ ਸਮਰਪਣ ਅਤੇ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਮਨਮੋਹਕ ਡਾਂਸ ਅਤੇ ਯੋਗਾ ਪ੍ਰਦਰਸ਼ਨਾਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਬੱਚਿਆਂ ਦੇ ਆਤਮ-ਵਿਸ਼ਵਾਸ, ਕਲਾਤਮਕ ਯੋਗਤਾ ਅਤੇ ਟੀਮ ਭਾਵਨਾ ਦੀ ਸੁੰਦਰ ਝਲਕ ਪੇਸ਼ ਕੀਤੀ। ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ, ਮਾਡਲਾਂ ਅਤੇ ਹੋਰ ਰਚਨਾਤਮਕ ਪ੍ਰੋਜੈਕਟਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੇ ਮੌਜੂਦ ਮਹਿਮਾਨਾਂ ਅਤੇ ਮਾਪਿਆਂ ਦਾ ਧਿਆਨ ਖਿੱਚਿਆ। ਪ੍ਰਦਰਸ਼ਨੀ ਨੇ ਬੱਚਿਆਂ ਦੀ ਸਿਰਜਣਾਤਮਕ ਸੋਚ ਅਤੇ ਸਿੱਖਣ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਨੂੰ ਉਜਾਗਰ ਕੀਤਾ। ਆਪਣੇ ਸੰਬੋਧਨ ਦੌਰਾਨ ਬਰਨਿੰਦਰ ਪਾਲ ਸੇਖੋਂ ਨੇ ਕਿਹਾ ਕਿ ‘ਸਿਨਰਜੀ–2’ ਸਿਰਫ਼ ਇੱਕ ਸਮਰ ਕੈਂਪ ਨਹੀਂ, ਸਗੋਂ ਬੱਚਿਆਂ ਦੀਆਂ ਰੁਚੀਆਂ, ਹੁਨਰਾਂ ਅਤੇ ਵਿਅਕਤੀਗਤ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਾਲਾ ਇੱਕ ਪ੍ਰਭਾਵਸ਼ਾਲੀ ਮੰਚ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਸਿੱਖਣ ਪ੍ਰਤੀ ਨਵਾਂ ਉਤਸ਼ਾਹ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਸਮਾਰੋਹ ਦੇ ਅੰਤ ਵਿੱਚ ਕੈਂਪ ਦੇ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ-ਪੱਤਰ ਅਤੇ ਯਾਦਗਾਰੀ ਮੱਗ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਕੈਂਪ ਦੀਆਂ ਯਾਦਗਾਰ ਗਤੀਵਿਧੀਆਂ ਵਿੱਚ ਵੂਪਰ ਗੇਮਿੰਗ ਜ਼ੋਨ ਦਾ ਦੌਰਾ ਵਿਦਿਆਰਥੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਿਹਾ। ਇਸ ਮਨੋਰੰਜਕ ਗਤੀਵਿਧੀ ਨੇ ਬੱਚਿਆਂ ਨੂੰ ਖੁਸ਼ੀ ਦੇ ਪਲ ਬਖ਼ਸ਼ਣ ਦੇ ਨਾਲ-ਨਾਲ ਆਪਸੀ ਸਾਂਝ, ਦੋਸਤੀ ਅਤੇ ਟੀਮਵਰਕ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ।