ਧਰਮ ਪ੍ਰਚਾਰ ਸੰਮਤੀ ਵੱਲੋਂ ਸ਼ਿਵਰਾਤਰੀ ਉਤਸਵ ਸਬੰਧੀ ਪ੍ਰਭਾਤ ਫੇਰੀ 24 ਤੋਂ
ਮਨਾਇਆ
ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ
Publish Date: Sun, 18 Jan 2026 06:21 PM (IST)
Updated Date: Mon, 19 Jan 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ 19ਵੇਂ ਮਹਾਂਸ਼ਿਵਰਾਤਰੀ ਮਹਾਉਤਸਵ ਸਬੰਧੀ ਝੰਡਾ ਪੂਜਨ ਸਥਾਨਕ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਨਗਰ ਮਾਨਸਾ ਵਿਖੇ ਕੀਤਾ ਗਿਆ। ਇਸ ਬਾਰੇ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਨਵ ਗ੍ਰਹਿ ਪੂਜਨ, ਝੰਡਾ ਪੂਜਨ ਅਤੇ ਸ਼੍ਰੀ ਸ਼ਿਵ ਅਭਿਸ਼ੇਕ ਸ਼ਾਸਤਰੀ ਪ੍ਰੇਮ ਸ਼ਰਮਾ ਨੇ ਵਿਧੀਵਤ ਢੰਗ ਨਾਲ ਕਰਵਾਇਆ। ਸ਼੍ਰੀ ਸ਼ਿਵ ਚਾਲੀਸਾ ਤੇ ਆਰਤੀ ਕੀਤੀ। ਉਨ੍ਹਾਂ ਦੱਸਿਆ ਕਿ 24 ਜਨਵਰੀ 2026 ਤੋਂ 14 ਫ਼ਰਵਰੀ 2026 ਤੱਕ ਸਵੇਰੇ 4:30 ਵਜੇ ਤੋਂ ਪ੍ਰਭਾਤ ਫੇਰੀ ਰੋਜ਼ਾਨਾ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਨਗਰ ਤੋਂ ਆਰੰਭ ਹੋਇਆ ਕਰੇਗੀ। ਪ੍ਰਭਾਤ ਫ਼ੇਰੀ ਦੀ ਪਾਲਕੀ ਵਿਚ ਸੁਸ਼ੋਭਿਤ ਭਗਵਾਨ ਸ਼੍ਰੀ ਸ਼ਿਵ ਜੀ ਦੇ ਸੁੰਦਰ ਸਰੂਪ ਨਾਲ ਆਪਣੇ ਘਰਾਂ ਵਿੱਚ ਬਿਰਾਜਮਾਨ ਸ਼੍ਰੀ ਲੱਡੂ ਗੋਪਾਲ ਜੀ ਦੇ ਦਰਸ਼ਨ ਅਤੇ ਮਿਲਾਪ ਕਰਵਾਓ। ਇਸ ਨਿੱਘੇ ਮਿਲਾਪ ਦੀ ਖੁਸ਼ੀ ਵਿੱਚ ਹਰੇਕ ਸ਼੍ਰੀ ਲੱਡੂ ਗੋਪਾਲ ਜੀ ਨੂੰ ਅਣਮੋਲ ਉਪਹਾਰ ਦਿੱਤਾ ਜਾਵੇਗਾ। ਪ੍ਰਭਾਤ ਫ਼ੇਰੀ ਦੌਰਾਨ 43 ਤੀਰਥ ਸਥਾਨਾਂ ਦਾ ਜਲ ਵਿਤਰਣ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਨਿਵਾਸੀ ਇਸ ਪਵਿੱਤਰ ਜਲ ਨੂੰ ਸ਼੍ਰੀ ਮਹਾਂਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ’ਤੇ ਅਰਪਣ ਕਰ ਸਕਣ। ਮਿਤੀ 15 ਫ਼ਰਵਰੀ 2026 ਦਿਨ ਐਤਵਾਰ ਸ਼੍ਰੀ ਮਹਾਂਸ਼ਿਵਰਾਤਰੀ ਵਾਲੇ ਦਿਨ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਮੰਦਰ ਵਿਖੇ ਸਵੇਰੇ ਹਵਨ ਯੱਗ, ਜਲ ਅਭਿਸ਼ੇਕ ਤੇ ਵਿਸ਼ਾਲ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਕੀਤੀ ਜਾਵੇਗੀ। ਇਸੇ ਦਿਨ ਰਾਤ ਨੂੰ 8 ਵਜੇ ਗਊਸ਼ਾਲਾ ਭਵਨ ਵਾਟਰ ਵਰਕਸ ਰੋਡ ਮਾਨਸਾ ਵਿਚ ਅਤੁੱਟ ਭੰਡਾਰਾ ਤੇ ਸਮਰਾਟ ਸ਼੍ਰੀ ਸ਼ਿਵ ਸੰਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਗੁਣਗਾਨ ਕਰਨ ਲਈ ਮਿੱਠੀ ਆਵਾਜ਼ ਦੇ ਮਾਲਕ "ਮੈਂ ਔਰ ਕਿਸੀ ਕੀ ਨਹੀਂ, ਰਾਮ ਕੀ ਬਾਤ ਕਰਤਾ ਹੂੰ" ਦੇ ਪ੍ਰਸਿੱਧ ਭਜਨ ਗਾਇਕ ਰੌਸ਼ਨ ਪ੍ਰਿੰਸ ਜੀ ਪਹੁੰਚ ਰਹੇ ਹਨ। ਇਸ ਮੌਕੇ ਸੰਮਤੀ ਦੇ ਸਾਰੇ ਮੈਂਬਰ, ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਤੇ ਸੰਮਤੀ ਦੇ ਮੈਂਬਰ ਹਾਜ਼ਰ ਸਨ।