ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ’ਤੇ ਅਕਾਲੀ ਖ਼ੁਸ਼
ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ
Publish Date: Mon, 02 Feb 2026 06:19 PM (IST)
Updated Date: Tue, 03 Feb 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ਤੇ ਬਾਗੋ ਬਾਗ ਹੋਏ ਅਕਾਲੀ ਆਗੂ ਗੂਰੁ ਦਾ ਸ਼ੁਕਰਾਨਾ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਹਲਕੇ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਡਾ. ਨਿਸ਼ਾਨ ਸਿੰਘ ਹਲਕਾ ਇੰਚਾਰਜ ਬੁਢਲਾਡਾ, ਜ਼ਿਲ੍ਹਾ ਦੇ ਮੁੱਖ ਬੁਲਾਰੇ ਰਘਵੀਰ ਸਿੰਘ ਮਾਨਸਾ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਗੁਰਦੀਪ ਸਿੰਘ ਟੋਡਰਪੁਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਗੁਰਪ੍ਰੀਤ ਸਿੰਘ ਚਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਵਾਜ਼ ਨੂੰ ਦਬਾਉਣ ਲਈ ਲੰਮੇ ਸਮੇਂ ਤੋਂ ਝੂਠੇ ਕੇਸ ਦਰਜ ਕਰਕੇ ਜ਼ੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ, ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਸੀ। ਪਰ ਮਾਣਯੋਗ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਕੇ ਹੱਕ ਅਤੇ ਸੱਚ ਦੀ ਜਿੱਤ ਤੇ ਮੋਹਰ ਲਗਾ ਦਿੱਤੀ ਹੈ। ਮਾਨ ਸਰਕਾਰ ਨੂੰ ਕੋਰਟ ਦੇ ਫ਼ੈਸਲੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂਕਿ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਮਜੀਠੀਆ ਜਿਹੇ ਆਗੂ ਨੂੰ ਬਹੁਤ ਸਮਾਂ ਜ਼ੇਲ੍ਹ ਵਿੱਚ ਡੱਕਿਆ ਨਹੀਂ ਜਾ ਸਕਦਾ। ਉਕਤ ਆਗੂ ਨੇ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਜ਼ੇਲ੍ਹ ਅੰਦਰ ਜਲਦੀ ਹੀ ਰਿਹਾਅ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਬਾਅਦ ਮੁੜ ਪੰਜਾਬ ਦੀ ਸੇਵਾ ਵਿੱਚ ਹਾਜ਼ਰ ਹੋਣਗੇ ਅਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫ਼ੈਸਲੇ ਤੇ ਡਟ ਕੇ ਸੰਘਰਸ਼ ਕਰਨਗੇ। ਉਨ੍ਹਾਂ ਅਖ਼ੀਰ ਵਿੱਚ ਮਜੀਠੀਆ ਦੀ ਜ਼ਮਾਨਤ ਤੇ ਗੁਰੂ ਸਾਹਿਬਾਨਾਂ ਦਾ ਸ਼ੁਕਰਾਨਾ ਕਰਦਿਆਂ ਅਕਾਲੀ ਆਗੂ ਤੇ ਵਰਕਰ ਨੂੰ ਵਧਾਈ ਦਿੱਤੀ।