ਕੜਾਕੇ ਦੀ ਠੰਢ ਨੇ ਜਨਜੀਵਨ ਕੀਤਾ ਪ੍ਰਭਾਵਿਤ
ਇਲਾਕੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ
Publish Date: Thu, 15 Jan 2026 05:30 PM (IST)
Updated Date: Thu, 15 Jan 2026 05:33 PM (IST)

- ਸੰਘਣੀ ਧੁੰਦ ’ਚ ਵਿਜ਼ੀਬਿਲਟੀ ਹੋ ਰਹੀ ਹੈ ਜ਼ੀਰੋ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਇਲਾਕੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਨੇ ਲਗਾਤਾਰ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਭਿਆਨਕ ਠੰਢ ਕਾਰਨ ਆਮ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਜਦਕਿ ਦਫ਼ਤਰਾਂ ’ਚ ਪਹੁੰਚ ਕੰਮ ਕਰਨਾ ਵੀ ਲੋਕਾਂ ਲਈ ਚੁਣੌਤੀ ਬਣਿਆ ਹੋਇਆ ਹੈ। ਦਫ਼ਤਰਾਂ ਵਿੱਚ ਜ਼ਿਆਦਾਤਰ ਕਰਮਚਾਰੀ ਹੀਟਰਾਂ ’ਤੇ ਸੇਕਦੇ ਹੋਏ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਵੀ ਲਗਾਤਾਰ ਦੁਪਹਿਰ ਤਕ ਸੰਘਣੀ ਧੁੰਦ ਬਣੀ ਰਹੀ ਅਤੇ ਵਾਹਨਾਂ ਨੂੰ ਲਾਈਟਾਂ ਜਗ੍ਹਾ ਕੇ ਜਾਣਾ ਪਿਆ। ਦੁਪਹਿਰ ਵੇਲੇ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ। ਭਾਵੇਂਕਿ ਸੂਰਜ ਨਿਕਲ ਆਇਆ ਪਰ ਸੀਤ ਹਵਾਵਾਂ ਕਾਰਨ ਠੰਢ ਦਾ ਕਹਿਰ ਲਗਾਤਾਰ ਬਣਿਆ ਰਿਹਾ। ਮਜ਼ਦੂਰ ਵਰਗ ਨੂੰ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ, ਜਦਕਿ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਵਾਲੇ ਲੋਕਾਂ ਦੀਆਂ ਹੋਰ ਵੀ ਜ਼ਿਆਦਾ ਪਰੇਸ਼ਾਨੀਆਂ ਵਧੀਆਂ ਹੋਈਆਂ ਹਨ। ਬਹੁਤ ਸਾਰੇ ਦੁਕਾਨਦਾਰ ਸਵੇਰ ਵੇਲੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਅੱਗ ਬਾਲ ਸੇਕਦੇ ਹੋਏ ਨਜ਼ਰ ਆਏ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਦੀ ਸ਼ੁਰੂਆਤ ਭਾਵੇਂ ਦੇਰ ਨਾਲ ਹੋਈ ਪਰ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਠੰਢ ਵਿੱਚ ਦੋ ਪਹੀਆ ਵਾਹਨ ਚਲਾਉਣਾ ਵੀ ਔਖਾ ਹੋ ਗਿਆ ਹੈ। ਲੋਕ ਆਪਣੇ ਕੰਮਾਂ ਕਾਰਾਂ ਨੂੰ ਅੱਗੇ ਟਾਲਦੇ ਹੋਏ ਨਜ਼ਰ ਆ ਰਹੇ ਹਨ। ਸਵੇਰ ਸਮੇਂ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਲਾਈਟਾਂ ਜਗ੍ਹਾ ਸਾਵਧਾਨੀ ਨਾਲ ਸਫ਼ਰ ਕਰਨਾ ਪਿਆ। ਉਧਰ ਸ਼ਹਿਰ ਵਿੱਚ ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਰੌਣਕਾਂ ਵੱਧ ਗਈਆਂ ਹਨ।