ਸਾਰੇ ਸੁਹਿਰਦ ਤੇ ਪ੍ਰਗਤੀਸ਼ੀਲ ਲੋਕਾਂ ਨੂੰ ਜੰਗਾਂ ਦੇ ਵਿਰੁੱਧ ਲਾਮਬੰਦ ਹੋਣ ਦਾ ਦਿੱਤਾ ਸੱਦਾ
ਟੀਚਰਜ਼ ਹੋਮ ਮੈਨੇਜਮੈਂਟ, ਵੈੱਲਫੇਅਰ ਐਂਡ
Publish Date: Mon, 08 Jun 2026 06:13 PM (IST)
Updated Date: Mon, 08 Jun 2026 06:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਠਿੰਡਾ ਟੀਚਰਜ਼ ਹੋਮ ਮੈਨੇਜ਼ਮੈਂਟ, ਵੈੱਲਫ਼ੇਅਰ ਐਂਡ ਐਜ਼ੂਕੇਸ਼ਨਲ ਟਰੱਸਟ ਬਠਿੰਡਾ ਵੱਲੋਂ ਬਠਿੰਡਾ ਦੀਆਂ ਜਨਤਕ ਜੱਥੇਬੰਦੀਆਂ ਤੇ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਇੱਕ ਵਿਲੱਖਣ ਸੈਮੀਨਾਰ ਸਾਮਰਾਜੀ ਜੰਗਾਂ ਤੇ ਭਾਰਤ ਦੀ ਭੂਮਿਕਾ ਵਿਸ਼ੇ ’ਤੇ ਉਸ ਸਮੇਂ ਕਰਵਾਇਆ ਗਿਆ, ਜਦੋਂ ਆਲਮੀ ਪੱਧਰ ’ਤੇ ਰੂਸ ਤੇ ਯੂਕਰੇਨ ਦੀ ਲੰਮੇ ਸਮੇਂ ਤੋਂ ਜੰਗ ਚੱਲਦੀ ਆ ਰਹੀ ਹੈ। ਫ਼ਲਸਤੀਨ ਤੇ ਇਜ਼ਰਾਈਲ ਦੀ ਜੰਗ ਹਮੇਸ਼ਾ ਚਲਦੀ ਰਹਿੰਦੀ ਹੈ। ਇਰਾਨ, ਅਮਰੀਕਾ ਤੇ ਇਜ਼ਰਾਈਲ ਦੀ ਜੰਗ ਭਾਵੇਂ ਘੱਟ ਚੱਲੀ। ਇਸ ਜੰਗ ਨੇ ਜਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਟੀਚਰਜ਼ ਹੋਮ ਵੱਲੋਂ ਕਰਵਾਏ ਗਏ ਸੈਮੀਨਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਾਰੀਆਂ ਹੀ ਜਨਤਕ ਜੱਥੇਬੰਦੀਆਂ ਦੇ ਆਗੂ ਤੇ ਕਾਰਕੁੰਨਾਂ ਨੇ ਪੂਰ੍ਹੀ ਸ਼ਿੱਦਤ ਨਾਲ ਸੈਮੀਨਾਰ ਵਿਚ ਭਾਗ ਲਿਆ। ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਤੇ ਪ੍ਰਧਾਨਗੀ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਟੀਚਰਜ਼ ਹੋਮ ਦੇ ਚੈਅਰਮੈਨ ਬੀਰਬਲ ਦਾਸ, ਸੀਨੀਅਰ ਮੀਤ ਪ੍ਰਧਾਨ ਰਘੁਵੀਰ ਚੰਦ ਸ਼ਰਮਾ, ਡਾਕਟਰ ਕੁਲਦੀਪ ਸਿੰਘ ਦੀਪ ਤੇ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਸ਼ਸ਼ੋਭਿਤ ਸਨ। ਪ੍ਰੋਗਰਾਮ ਦੇ ਸ਼ੁਰੂ ਵਿਚ ਰਘਬੀਰ ਸ਼ਰਮਾ ਨੇ ਹਾਜ਼ਰ ਸਰੋਤਿਆਂ ਨੂੰ ਜੀ ਆਇਆਂ ਕਿਹਾ। ਟੀਚਰਜ਼ ਹੋਮ ਦੇ ਸਕੱਤਰ ਲਛਮਣ ਮਲੂਕਾ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਸਾਮਰਾਜੀ ਜੰਗਾਂ ਦੇ ਵਿਰੋਧ ਵਿਚ ਸ਼ਾਨਦਾਰ ਭੂਮਿਕਾ ਸਿਰਜ ਕੇ ਹਾਲ ਵਿੱਚ ਹਾਜ਼ਰ ਸਰੋਤਿਆਂ ਨੂੰ ਸੈਮੀਨਾਰ ਦੇ ਵਿਸ਼ੇ ਨਾਲ਼ ਜੋੜਨ ਦਾ ਯਤਨ ਕੀਤਾ। ਡਾਕਟਰ ਕੁਲਦੀਪ ਸਿੰਘ ਦੀਪ ਨੇ ਆਪਣੇ ਭਾਸ਼ਣ ਨੂੰ ਸ਼ੁਰੂ ਕਰਦਿਆਂ ਜੰਗਾਂ ਦੇ ਇਤਿਹਾਸ ਦੀ ਕੜੀ ਨਾਲ ਕੜੀ ਜੋੜ ਕੇ ਸਰੋਤਿਆਂ ਨੂੰ ਆਪਣੇ ਨਾਲ ਜੋੜ ਲਿਆ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਈਸਵੀ ਪੂਰਵ ਦੀਆਂ ਜੰਗਾਂ ਨੂੰ ਲੈਕੇ ਵੀਹਵੀਂ ਸਦੀ ਤੱਕ ਦੀਆਂ ਜੰਗਾਂ ਦੀ ਭਿਆਨਕਤਾ ਤੇ ਕਰੂਰਤਾ ਨੂੰ ਸਾਰਿਆਂ ਦੇ ਰੂਬਰੂ ਕੀਤਾ। ਉਨ੍ਹਾਂ ਕਿਹਾ ਕਿ ਜੰਗਾਂ ਸਾਡੀਆਂ ਸੜਕਾਂ ਸਾਡੇ ਘਰਾਂ ਤੱਕ ਪਹੁੰਚ ਜਾਂਦੀਆਂ ਹਨ ਜੰਗਾਂ ਸਾਡੇ ਰੁਜ਼ਗਾਰ ਨੂੰ ਖੋਹਦੀਆਂ ਹਨ, ਉਥੇ ਹੀ ਵਾਤਾਵਰਨ ਤੇ ਸਿਹਤ ਸਹੂਲਤਾਂ ਵਿਚ ਵਿਗਾੜ ਵੀ ਪੈਦਾ ਕਰਦੀਆਂ ਹਨ। ਸਾਮਰਾਜੀ ਧਿਰਾਂ ਮਾਰੂ ਹਥਿਆਰ ਤੇ ਬਾਰੂਦ ਵੇਚਦੀਆਂ ਹਨ, ਜੰਗਾਂ ਬੱਚਿਆਂ ਤੇ ਔਰਤਾਂ ਦਾ ਵੀ ਵੱਡਾ ਨੁਕਸਾਨ ਕਰਦੀਆਂ ਹਨ, ਸਾਡੇ ਸਾਹਿਤਕ ਖੇਤਰ ਵਿੱਚ ਵੀ ਘੁਸਪੈਠ ਕਰਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅਜੋਕੇ ਦੌਰ ਵਿਚ ਡਿਜ਼ੀਟਲ ਜੰਗਾਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਪ੍ਰੋਜੈਕਟਰ ਰਾਹੀਂ ਜੰਗ ਨਾਲ ਤਬਾਹ ਹੋਏ ਵੀਅਤਨਾਮ ਦੇ ਇੱਕ ਪਿੰਡ ਦੀ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਪੇਨ ਵਿਚ 235 ਦੇ ਕਰੀਬ ਸੰਸਾਰ ਪ੍ਰਸਿੱਧੀ ਵਾਲੇ ਵੱਡੇ ਲੇਖਕ ਇਕੱਠੇ ਹੋਏ ਜਿਨ੍ਹਾਂ ਨੇ ਮਨੁਖਤਾ ਨੂੰ ਬਚਾਉਣ ਦਾ ਹੋਕਾ ਦਿੱਤਾ, ਜਿਸ ਵਿਚ ਲੋਰਕਾ ਤੇ ਪਾਬਲੋ ਨੇਰੂਦਾ ਵਰਗੇ ਲੇਖਕ ਵੀ ਸ਼ਾਮਿਲ ਸਨ। ਡਾਕਟਰ ਕੁਲਦੀਪ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਸੰਸਾਰ ਪੱਧਰ ਤੇ ਜੰਗਾਂ ਦੇ ਖਿਲਾਫ ਅਮਨ ਲਹਿਰ ਖੜੀ ਕਰਨ ਲਈ ਯਤਨ ਅਰੰਭੇ ਗੲਏ। 1936 ਈਸਵੀ ਵਿਚ ਮੁਨਸ਼ੀ ਪ੍ਰੇਮ ਚੰਦ ਨੇ ਪ੍ਰਗਤੀਸ਼ੀਲ ਲੇਖ਼ਕ ਸੰਘ ਦੀ ਸਥਾਪਨਾ ਕੀਤੀ। 1943 ਈਸਵੀ ਵਿਚ ਇਪਟਾ ਦਾ ਗਠਨ ਕੀਤਾ ਗਿਆ, ਸੰਸਾਰ ਅਮਨ ਲਹਿਰ ਹੋਂਦ ਵਿਚ ਆ ਗਈ, ਇਸ ਦੇ ਪ੍ਰਧਾਨ ਪ੍ਰਸਿੱਧ ਸਾਇੰਸਦਾਨ ਮੈਰੀ ਕਿਊਰੀ ਦੇ ਪਤੀ ਨੂੰ ਬਣਾਇਆ ਗਿਆ। ਇਹ ਸਾਰੀਆਂ ਜੱਥੇਬੰਦੀਆਂ ਜੰਗਾਂ ਦੇ ਖਿਲਾਫ ਇਕ ਧਿਰ ਵਜੋਂ ਉਭਰੀਆਂ। ਜੰਗਾਂ ਦੇ ਬਰਬਾਦੀ ਵਾਲੇ ਇਤਿਹਾਸ ਬਾਰੇ ਬੋਲਦਿਆਂ ਡਾਕਟਰ ਸਾਹਿਬ ਨੇ ਅਖੀਰ ਵਿਚ ਇਹ ਸੁਨੇਹਾ ਦਿੱਤਾ ਕਿ ਬੁੱਧੀਜੀਵੀ ਲੇਖਕ/ਸਾਹਿਤਕਾਰਾਂ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਾਹਿਤ ਦੀ ਹਰ ਵਿਧਾ ਦੇ ਵਿਚ ਸਾਮਰਾਜੀ ਜੰਗਾਂ ਦੇ ਵਿਰੋਧ ਵਿਚ ਆਪਣੀਸਿਰਜਣਾ ਕਰਨ। ਪੰਜਾਬੀ ਦੇ ਵੱਡੇ ਨਾਵਲਕਾਰ ਜਸਪਾਲ ਮਾਨਖੇੜਾ ਨੇ ਸਮਾਗਮ ਵਿੱਚ ਸ਼ਾਮਲ ਜੱਥੇਬੰਦੀਆਂ ਦੇ ਤੇ ਆਗੂਆਂ ਦੇ ਨਾਂ ਸਰੋਤਿਆਂ ਨਾਲ਼ ਸਾਂਝੇ ਕੀਤੇ। ਸੈਮੀਨਾਰ ਦੇ ਅਖੀਰ ਵਿਚ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਉੱਘੇ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਸਾਮਰਾਜੀ ਜੰਗਾਂ ਜਿੱਥੇ ਮਨੁੱਖਤਾ ਦੀ ਹੋਂਦ ਲਈ ਖ਼ਤਰਾ ਬਣੀਆਂ ਹੋਈਆਂ ਹਨ ਉਥੇ ਇਸ ਗ੍ਰਹਿ ਤੇ ਜ਼ਹਿਰਾਂ ਦਾ ਛਿੜਕਾਅ ਵੀ ਕਰ ਰਹੀਆਂ ਹਨ। ਹਵਾ ਰਾਹੀਂ ਵੀ ਮੌਤ ਪਰੋਸ ਰਹੀਆਂ ਹਨ। ਪੁਰਾਣੇ ਸਮਿਆਂ ਵਿਚ ਜੰਗ ਦੇ ਕੁੱਝ ਅਸੂਲ ਹੁੰਦੇ ਸਨ ਸੂਰਜ ਛਿਪਣ ਤੋਂ ਬਾਅਦ ਹਮਲਾ ਨਹੀਂ ਕਰਦੇ ਸਨ ਬੱਚਿਆਂ ਤੇ ਔਰਤਾਂ ਉਪਰ ਹਮਲਾ ਕਰਨ ਦੀ ਮਨਾਹੀ ਸੀ। ਉਨ੍ਹਾਂ ਦੱਸਿਆ ਕਿ ਜੰਗਾਂ ਦਾ ਇਤਿਹਾਸ ਮਨੁੱਖ ਦੀ ਬੌਧਿਕ ਕੰਗਾਲੀ ਨਾਲ ਜੁੜਿਆ ਹੋਇਆ ਹੈ। ਟੈਕਨਾਲੋਜੀ ਦੇ ਵਧੇ ਹੋਏ ਉਤਪਾਦਨ ਕਰਕੇ ਬਸਤੀਵਾਦੀ ਵਰਤਾਰਾ ਪੈਦਾ ਹੋਇਆ ਹੈ, ਨਵੀਂ ਟੈਕਨਾਲੋਜੀ ਨਾਲ ਮਹੱਤਤਾ ਵਧੀ ਹੈ, ਜੰਗ ਨੇ ਮਨੁੱਖ ਨੂੰ ਤਰਕਸ਼ੀਲ ਵੀ ਬਣਾਇਆ ਹੈ। ਉਨ੍ਹਾਂ ਨੇ ਸਾਰੇ ਸੁਹਿਰਦ ਤੇ ਪ੍ਰਗਤੀਸ਼ੀਲ ਲੋਕਾਂ ਨੂੰ ਜੰਗਾਂ ਦੇ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸੈਮੀਨਾਰ ਨੂੰ ਹੋਰ ਦਿਲਚਸਪ ਤੇ ਖਿੱਚ ਭਰਪੂਰ ਬਣਾਉਣ ਲਈ ਨੌਜਵਾਨ ਗਾਇਕ ਗੁਲਜ਼ਾਰ ਖਾਂ ਹਰਮੀਤ, ਜਗਸੀਰ ਜੀਦਾ ਤੇ ਅਜ਼ਮੇਰ ਅਕਲੀਆ ਨੇ ਇਨਕਲਾਬੀ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ। ਸੈਮੀਨਾਰ ਦੀ ਸਮਾਪਤੀ ਤੇ ਜਨਤਕ ਜੱਥੇਬੰਦੀਆਂ ਤੇ ਟਰੱਸਟ ਦੇ ਨੁਮਾਇੰਦਿਆਂ ਨੇ ਡਾਕਟਰ ਕੁਲਦੀਪ ਸਿੰਘ ਦੀਪ ਤੇ ਡਾਕਟਰ ਸੁਖਦੇਵ ਸਿੰਘ ਸਿਰਸਾ ਦਾ ਸਨਮਾਨ ਕੀਤਾ ਗਿਆ। ਟਰੱਸਟ ਦੇ ਚੇਅਰਮੈਨ ਬੀਰਬਲ ਦਾਸ ਨੇ ਸੈਮੀਨਾਰ ਵਿੱਚ ਸਾਰੇ ਸਰੋਤਿਆਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ। ਸੈਮੀਨਾਰ ਦੀ ਸਮਾਪਤੀ ਤੋਂ ਬਾਅਦ ਜੰਗ ਵਿਰੋਧੀ ਮਾਟੋ ਤਖਤੀਆਂ ਫੜ੍ਹ ਕੇ ਹਨੂੰਮਾਨ ਚੌਂਕ ਵਿੱਚ ਖੜ੍ਹ ਕੇ, ਲੋਕਾਂ ਨੇ ਸ਼ਾਂਤਮਈ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਟੀਚਰਜ਼ ਹੋਮ ਦੇ ਮੈਂਬਰ ਪਰਮਜੀਤ ਰਾਮਾ, ਨਛੱਤਰ ਸਿੰਘ ਧੰਮੂ, ਅਮਰ ਸਿੰਘ ਸੇਲਬਰਾਹ, ਹਰਭਜਨ ਸਿੰਘ, ਨਵਨੀਤ ਸਿੰਘ, ਓਮਪ੍ਰਕਾਸ਼ ਆਦਿ ਹਾਜ਼ਰ ਸਨ।