- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਸਫ਼ਲਤਾ ਸਿਰਫ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਸਫ਼ਲਤਾ ਸਿਰਫ਼ ਅੰਕਾਂ ਜਾਂ ਡਿਗਰੀਆਂ ਤੱਕ ਸੀਮਤ ਨਹੀਂ ਕੀਤੀ ਜਾ ਸਕਦੀ, ਸਗੋਂ ਆਤਮ-ਵਿਸ਼ਵਾਸ ਮਨੁੱਖ ਦੀ ਅਸਲ ਤਾਕਤ ਹੁੰਦਾ ਹੈ। ਖ਼ਾਸ ਕਰਕੇ ਬੱਚਿਆਂ ਦੇ ਜੀਵਨ ਵਿੱਚ ਆਤਮ ਵਿਸ਼ਵਾਸ ਇਕ ਅਜਿਹਾ ਗੁਣ ਹੈ, ਜੋ ਉਨ੍ਹਾਂ ਦੀ ਸਖਸ਼ੀਅਤ, ਸੋਚ ਤੇ ਭਵਿੱਖ ਨੂੰ ਨਿਰਧਾਰਿਤ ਕਰਦਾ ਹੈ। ਸੁਰੱਈਆ ਈਟੀਟੀ ਅਧਿਆਪਕ, ਸ.ਪ.ਸ ਜਲਵੇੜਾ ਰੋਡ ਬਰੇਟਾ ਨੇ ਵਿਚਾਰ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਆਤਮ ਵਿਸ਼ਵਾਸੀ ਬੱਚਾ ਨਾ ਸਿਰਫ਼ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਦਾ ਹੈ, ਸਗੋਂ ਮੁਸ਼ਕਲ ਹਾਲਾਤ ਵਿੱਚ ਵੀ ਡੱਟ ਕੇ ਖੜ੍ਹੇ ਰਹਿਣ ਦਾ ਹੌਸਲਾ ਰੱਖਦਾ ਹੈ। ਆਤਮ-ਵਿਸ਼ਵਾਸ ਬੱਚੇ ਦੀ ਸੋਚ, ਵਿਵਹਾਰ ਅਤੇ ਫ਼ੈਸਲਾ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਆਤਮ-ਵਿਸ਼ਵਾਸ ਪੈਦਾ ਕੀਤਾ ਜਾਵੇ। ਬੱਚਿਆਂ ’ਚ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਸਭ ਤੋਂ ਮੋਹਰੀ ਭੂਮਿਕਾ ਮਾਪਿਆਂ ਦੀ ਹੁੰਦੀ ਹੈ, ਕਿਉਂਕਿ ਘਰ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਮਾਪਿਆਂ ਦੀ ਛਤਰ- ਛਾਇਆ ’ਚ ਬੱਚਾ ਘਰ ਵਿੱਚ ਪਿਆਰ, ਸੁਰੱਖਿਆ ਤੇ ਸਵੀਕਾਰਤਾ ਮਹਿਸੂਸ ਕਰਦਾ ਹੈ ਤਾਂ ਕੁਦਰਤੀ ਉਸਦੇ ਮਨ ਵਿੱਚ ਆਪਣੇ ਆਪ 'ਤੇ ਭਰੋਸਾ ਪੈਦਾ ਹੁੰਦਾ ਹੈ। ਮਾਪਿਆਂ ਵੱਲੋਂ ਉਸ ਦੀ ਹਰੇਕ ਗੱਲ ਧਿਆਨ ਨਾਲ ਸੁਣਨਾ ਅਤੇ ਉਸ ਦੀਆਂ ਭਾਵਨਾਵਾਂ ਨੂੰ ਸਮਝਣਾ ਬੱਚੇ ਨੂੰ ਮਨੋਵਿਗਿਆਨਿਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ। ਪਰ ਜਦੋਂ ਮਾਪੇ ਆਪਣੇ ਬੱਚੇ ਦੀ ਤੁਲਨਾ ਹੋਰ ਬੱਚਿਆਂ ਨਾਲ ਕਰਨ ਲੱਗ ਜਾਂਦੇ ਹਨ ਜਿਵੇਂ ਕਿਸੇ ਦੇ ਪ੍ਰੀਖਿਆ ਵਿੱਚੋਂ ਅੰਕ ਜ਼ਿਆਦਾ ਹਨ, ਕਿਸੇ ਦਾ ਗਣਿਤ ਬਹੁਤ ਚੰਗਾ ਹੈ ਜਾਂ ਕਿਸੇ ਦੀ ਖੇਡ ਬਹੁਤ ਵਧੀਆ ਹੈ ਆਦਿ ਅਜਿਹੀ ਤੁਲਨਾ ਬੱਚੇ ਦੇ ਅੰਦਰ ਹੀਣ ਭਾਵਨਾ ਪੈਦਾ ਕਰਦੀ ਹੈ। ਅਧਿਆਪਕ ਬੱਚਿਆਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਜਮਾਤ ਦੇ ਕਮਰੇ ’ਚ ਜਦੋਂ ਬੱਚੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਮਿਲਦਾ ਹੈ ਤਾਂ ਉਸਦੀ ਗੱਲ ਨੂੰ ਆਦਰ ਨਾਲ ਸੁਣਨ 'ਤੇ ਉਹ ਬੱਚਾ ਨਿਡਰ ਬਣਦਾ ਹੈ। ਬੱਚਿਆਂ ਨੂੰ ਆਪਣੇ ਛੋਟੇ-ਛੋਟੇ ਫ਼ੈਸਲੇ ਲੈਣ ਦੀ ਆਜ਼ਾਦੀ ਦੇਣ ਜਿਵੇਂ, ਆਪਣੀ ਪਸੰਦ ਦੇ ਰੰਗ ਦੇ ਕੱਪੜਿਆਂ ਦੀ ਚੋਣ ਕਰਨ, ਆਪਣੇ ਛੋਟੇ- ਛੋਟੇ ਸ਼ੌਂਕ ਪੂਰ੍ਹੇ ਕਰਨ ਦੀ ਆਜ਼ਾਦੀ ਦੇਣਾ ਆਦਿ ਨਾਲ ਵੀ ਬੱਚਾ ਜ਼ਿੰਦਗੀ ਦੇ ਅਸਲ ਸਬਕ ਸਿੱਖਦਾ ਹੈ। ਉਸ ਤੋਂ ਹੁੰਦੀਆਂ ਗਲਤੀਆਂ ਵੀ ਬੱਚੇ ਦੇ ਵਿਕਾਸ ਲਈ ਲਾਭਦਾਇਕ ਰੋਲ ਨਿਭਾਉਂਦੀਆਂ ਹਨ। ਜੇ ਬੱਚੇ ਨੂੰ ਹਰ ਛੋਟੀ ਗਲਤੀ ਲਈ ਡਾਂਟ ਜਾਂ ਸਜ਼ਾ ਦਿੱਤੀ ਜਾਵੇ ਤਾਂ ਬੱਚਾ ਡਰਪੋਕ ਬਣ ਜਾਂਦਾ ਹੈ। ਗਲਤੀਆਂ ਨੂੰ ਸਿੱਖਣ ਦੇ ਮੌਕੇ ਵਜੋਂ ਮੰਨਣਾ ਵੀ ਬੱਚੇ ਨੂੰ ਹਿੰਮਤੀ ਬਣਾਉਂਦਾ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਸਮਝਾਉਣ ਅਤੇ ਸਹੀ ਦਿਸ਼ਾ ਦੇਣ ਦਾ ਕੰਮ ਕਰਨ ਨਾ ਕਿ ਉਸ ਦਾ ਮਨੋਬਲ ਤੋੜਨ ਦਾ।