ਸਪੋਰਟਸ ਵਿੰਗ ਡੇ ਸਕਾਲਰ ਲਈ ਚੋਣ ਟਰਾਇਲ 4 ਅਪ੍ਰੈਲ ਤੋਂ
ਖੇਡ ਵਿਭਾਗ ਵੱਲੋਂ ਸਾਲ 2026-27 ਲਈ ਸਪੋਰਟਸ
Publish Date: Wed, 01 Apr 2026 05:57 PM (IST)
Updated Date: Thu, 02 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਖੇਡ ਵਿਭਾਗ ਵੱਲੋਂ ਸਾਲ 2026-27 ਲਈ ਸਪੋਰਟਸ ਵਿੰਗ ਸਕੂਲ ਡੇ ਸਕਾਲਰ ਵਿਚ ਖਿਡਾਰੀਆਂ ਤੇ ਖਿਡਾਰਨਾਂ ਦੇ ਦਾਖਲੇ ਲਈ ਚੋਣ ਟਰਾਇਲ ਲਏ ਜਾ ਰਹੇ ਹਨ। ਚੋਣ ਟਰਾਇਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ 4 ਅਤੇ 5 ਅਪ੍ਰੈਲ ਨੂੰ ਮੁੰਡਿਆਂ ਅਤੇ 06 ਅਪ੍ਰੈਲ ਨੂੰ ਕੁੜੀਆਂ ਲਈ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ, ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਟਰਾਇਲ (ਉਮਰ ਵਰਗ ਅੰਡਰ 14, 17 ਤੇ 19) ਅਥਲੈਟਿਕਸ, ਫੁੱਟਬਾਲ, ਜੂਡੋ, ਹਾਕੀ, ਕੁਸ਼ਤੀ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਇਲ, ਬਾਸਕਿਟਬਾਲ, ਫੈਨਸਿੰਗ, ਵਾਲੀਬਾਲ, ਨੈੱਟਬਾਲ, ਬਾਕਸਿੰਗ, ਕਰਾਟੇ, ਕਿੱਕ ਬਾਕਸਿੰਗ, ਬੈਮਿੰਟਨ ਅਤੇ ਸ਼ੂਟਿੰਗ ਗੇਮਾਂ ਲਈ ਹੋਣੇ ਹਨ। ਸ਼ਰਤਾਂ ਬਾਰੇ ਉਨ੍ਹਾਂ ਦੱਸਿਆ ਕਿ ਸਪੋਰਟਸ ਵਿੰਗ ’ਚ ਦਾਖਲੇ ਲਈ ਟਰਾਇਲ ਦੇਣ ਲਈ ਖਿਡਾਰੀ/ਖਿਡਾਰਣ ਦਾ ਜਨਮ ਅੰਡਰ-14 ਉਮਰ ਵਰਗ ਲਈ 01-01-2013, ਅੰਡਰ-17 ਉਮਰ ਵਰਗ ਲਈ 01-01-2010 ਤੇ ਅੰਡਰ-19 ਉਮਰ ਵਰਗ ਲਈ 01-01-2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਸਰੀਰਿਕ ਅਤੇ ਮੈਡੀਕਲ ਤੌਰ 'ਤੇ ਤੰਦਰੁਸਤ ਹੋਵੇ। ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲੇ ਤਿੰਨ ਸਥਾਨਾਂ 'ਚੋਂ ਕੋਈ ਇਕ ਸਥਾਨ ਪ੍ਰਾਪਤ ਕੀਤਾ ਹੋਵੇ ਜਾਂ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ 'ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਯੋਗ ਖਿਡਾਰੀ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਵਿਖੇ ਨਿਰਧਾਰਤ ਦਿਨ ਸਵੇਰੇ 08 ਵਜੇ ਜ਼ਿਲ੍ਹਾ ਖੇਡ ਅਫ਼ਸਰ ਨੂੰ ਰਿਪੋਰਟ ਕਰਕੇ ਰਜਿਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਨਿਰਧਾਰਤ ਮਿਤੀ ਜਾਂ ਇਸ ਤੋਂ ਪਹਿਲਾਂ ਟਰਾਇਲ ਵਾਲੇ ਸਥਾਨ, ਜ਼ਿਲ੍ਹਾ ਖੇਡ ਦਫ਼ਤਰ, ਮਾਨਸਾ ਤੋਂ ਮੁਫ਼ਤ ਲਏ ਜਾ ਸਕਦੇ ਹਨ। ਚੁਣੇ ਗਏ ਡੇ ਸਕਾਲਰ ਖਿਡਾਰੀਆਂ ਨੂੰ 125/- ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਰਿਫ਼ਰੈਸ਼ਮੈਂਟ ਅਤੇ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲ ਦੇਣ ਵਾਲੇ ਖਿਡਾਰੀ ਆਪਣਾ ਜਨਮ ਸਰਟੀਫ਼ਿਕੇਟ, ਆਧਾਰ ਕਾਰਡ ਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫ਼ਿਕੇਟ ਸਮੇਤ ਫ਼ੋਟੋ ਕਾਪੀਆਂ ਅਤੇ ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ ਆਉਣ। ਟਰਾਇਲ ਵਿਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਣਾ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ. ਨਹੀਂ ਦਿੱਤਾ ਜਾਵੇਗਾ।