ਖੜਕ ਸਿੰਘ ਵਾਲਾ ਵਿਖੇ ਐੱਸਸੀ ਧਰਮਸ਼ਾਲਾ ਦਾ ਕੀਤਾ ਉਦਘਾਟਨ
ਹਲਕਾ ਮਾਨਸਾ ਦੇ ਲੋਕਾਂ ਦੀ ਭਲਾਈ ਅਤੇ ਪਿੰਡਾਂ
Publish Date: Mon, 23 Feb 2026 05:25 PM (IST)
Updated Date: Tue, 24 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਵਿਧਾਇਕ ਡਾ. ਵਿਜੈ ਸਿੰਗਲਾ ਦੀ ਅਗਵਾਈ ਹੇਠ ਹਲਕੇ ਵਿੱਚ ਧਾਰਮਿਕ, ਸਮਾਜਿਕ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਵਿਕਾਸ ਕਾਰਜ ਤੇਜੀ ਨਾਲ ਪੂਰ੍ਹੇ ਹੋ ਰਹੇ ਹਨ। ਇਸ ਕੜੀ ਤਹਿਤ ਪਿੰਡ ਖੜਕ ਸਿੰਘ ਵਾਲਾ ਵਿੱਚ ਅਨੁਸੂਚਿਤ ਜਾਤੀ ਵਰਗ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ 6 ਲੱਖ ਰੁਪਏ ਦੀ ਲਾਗਤ ਨਾਲ ਐੱਸਸੀ ਧਰਮਸ਼ਾਲਾ ਦਾ ਨਿਰਮਾਣ ਕੀਤਾ ਗਿਆ ਹੈ। ਇਹ ਧਰਮਸ਼ਾਲਾ ਪਿੰਡ ਵਾਸੀਆਂ ਲਈ ਧਾਰਮਿਕ ਸਮਾਗਮਾਂ, ਸਮਾਜਿਕ ਇਕੱਠਾਂ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਨਾਲ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।
ਇਸ ਤੋਂ ਇਲਾਵਾ ਪਿੰਡ ਭੈਣੀ ਬਾਘਾ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਕਮਿਊਨਟੀ ਹਾਲ ਤਿਆਰ ਕਰਵਾਇਆ ਗਿਆ ਹੈ। ਇਹ ਕਮਿਊਨਟੀ ਹਾਲ ਵਿਆਹ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ, ਪਿੰਡ ਪੱਧਰੀ ਮੀਟਿੰਗਾਂ ਅਤੇ ਨੌਜਵਾਨਾਂ ਲਈ ਹੋਣ ਵਾਲੀਆਂ ਗਤੀਵਿਧੀਆਂ ਲਈ ਬਹੁਤ ਹੀ ਲਾਭਦਾਇਕ ਰਹੇਗਾ। ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰ੍ਹਾ ਕਰਦਿਆਂ ਇਹ ਪ੍ਰਾਜੈਕਟ ਪਿੰਡ ਦੇ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਹੈ। ਉਸੇ ਤਰ੍ਹਾਂ ਪਿੰਡ ਦਲੇਲ ਸਿੰਘ ਵਾਲਾ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਰਾਮਦਾਸੀਆ ਸਿੱਖਾਂ ਦੀ ਧਰਮਸ਼ਾਲਾ ਵਾਲਾ ਚੌਕ ਬਣਾਇਆ ਗਿਆ ਹੈ, ਜੋ ਪਿੰਡ ਦੀ ਸੁੰਦਰਤਾ ਨੂੰ ਵਧਾਉਣ ਦੇ ਨਾਲ-ਨਾਲ ਸਮਾਜਿਕ ਤੇ ਧਾਰਮਿਕ ਪਛਾਣ ਦਾ ਪ੍ਰਤੀਕ ਬਣੇਗਾ। ਇਹ ਚੌਂਕ ਪਿੰਡ ਦੇ ਵਿਕਾਸ ਅਤੇ ਸਾਂਝ ਦੀ ਨਵੀਂ ਨਿਸ਼ਾਨੀ ਬਣ ਕੇ ਉਭਰੇਗਾ। ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਇਲਾਕੇ ਦੇ ਲੋਕਾਂ ਨੇ ਡਾ. ਵਿਜੈ ਸਿੰਗਲਾ ਅਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਹੈ। ਲੋਕਾਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਸੱਚਮੁੱਚ ਜ਼ਮੀਨੀ ਪੱਧਰ ’ਤੇ ਵਿਕਾਸ ਕਰ ਰਹੀ ਹੈ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਹਲਕਾ ਮਾਨਸਾ ਦੇ ਹਰ ਵਰਗ ਦੀ ਭਲਾਈ ਉਨ੍ਹਾਂ ਦੀ ਪਹਿਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੀ ਇਹ ਲੜੀ ਨਿਰੰਤਰ ਜਾਰੀ ਰਹੇਗੀ।